‘ਦ ਖ਼ਾਲਸ ਟੀਵੀ ਬਿਊਰੋ:- ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੋਝੀ ਟਿੱਪਣੀ ਤੇ ਆਪਣੇ ਬੇਸਿਰਪੈਰ ਵਾਲੇ ਬਿਆਨਾਂ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਹੁਣ ਨਵੇਂ ਪੰਗੇ ਵਿੱਚ ਫਸਣ ਵਾਲੀ ਹੈ। ਦਿੱਲੀ ਮਹਿਲਾ ਕਮਿਸ਼ਨ ਭਾਵ ਕਿ ਡੀਸੀਡਬਲਿਊ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਦਾ ਪਦਮ ਸ਼੍ਰੀ ਵਾਪਸ ਲੈ ਲਿਆ ਜਾਵੇ ਤੇ ਉਸਦੇ ਵਿਰੁੱਧ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਐਫਆਈਆਰ ਵੀ ਦਰਜ ਕੀਤੀ ਜਾਵੇ।
ਕੰਗਨਾ ਨੇ ਕਿਹਾ ਕਿ ਹੈ ਕਿ ਦੇਸ਼ ਨੂੰ ਆਜ਼ਾਦੀ ਤਾਂ 2014 ਵਿੱਚ ਮਿਲੀ ਹੈ, ਜਦੋਂਕਿ 1947 ਵਿੱਚ ਭਾਰਤ ਦੀ ਆਜ਼ਾਦੀ ਤਾਂ ‘ਭੀਖ’ ਹੈ। ਉਸਦੇ ਬਿਆਨ ਤੋਂ ਕਈ ਸਿਆਸਤਦਾਨ ਵੀ ਖਫਾ ਹਨ, ਉਨ੍ਹਾਂ ਵੀ ਕਿਹਾ ਹੈ ਕਿ ਕੰਗਨਾ ਪਦਮਸ਼੍ਰੀ ਲੈਣ ਦੀ ਹੱਕਦਾਰ ਨਹੀਂ ਹੈ।
ਸਵਾਤੀ ਨੇ ਆਪਣੀ ਚਿੱਠੀ ਵਿੱਚ ਦਾਅਵਾ ਕੀਤਾ ਹੈ ਕਿ ਅਭਿਨੇਤਰੀ ਦਾ ਇਹ ਬਿਆਨ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸਦਾ ਦਿਮਾਗ ਟਿਕਾਣੇ ਸਿਰ ਨਹੀਂ ਹੈ। ਉਹ (ਕੰਗਨਾ ਰਣੌਤ) ਹਮੇਸ਼ਾ ਆਪਣੇ ਦੇਸ਼ ਦੇ ਲੋਕਾਂ ਵਿਰੁੱਧ ਜ਼ਹਿਰ ਕੱਢਦੀ ਰਹਿੰਦੀ ਹੈ ਅਤੇ ਵਾਰ-ਵਾਰ ਉਨ੍ਹਾਂ ਲੋਕਾਂ ‘ਤੇ ਹਮਲਾ ਕਰਨ ਲਈ ਆਪਣੀ ਘਟੀਆ ਸ਼ਬਦਾਵਲੀ ਤੇ ਭਾਸ਼ਾ ਵਰਤਦੀ ਹੈ, ਜਿਨ੍ਹਾਂ ਨਾਲ ਉਹ ਕਿਸੇ ਮੁੱਦੇ ਉੱਤੇ ਸਹਿਮਤ ਨਹੀਂ ਹੁੰਦੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਰਾਸ਼ਟਰਪਤੀ ਉਸਦੀਆਂ ਇਨ੍ਹਾਂ ਟਿੱਪਣੀਆਂ ਦਾ ਤੁਰੰਤ ਨੋਟਿਸ ਲੈਣ ਜੋ ਕਿ “ਰਾਜਧ੍ਰੋਹੀ” ਹਨ।
ਪੱਤਰ ਵਿੱਚ ਸਵਾਤੀ ਨੇ ਲਿਖਿਆ ਹੈ ਕਿ ਅਦਾਕਾਰ ਦਾ ਬਿਆਨ ਸਾਡੇ ਮਹਾਨ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਮਹਾਤਮਾ ਗਾਂਧੀ ਅਤੇ ਹੋਰ ਦੇਸ਼ ਪ੍ਰੇਮੀ ਲੋਕਾਂ ਲਈ ਉਸਦੀ ਨਫ਼ਰਤ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਕੌਮ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਦੇਸ਼ ਨੇ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਸ਼ਹਾਦਤਾਂ ਸਦਕਾ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਹਾਸਿਲ ਕੀਤੀ ਸੀ। ਪਰ ਸ੍ਰੀਮਤੀ ਰਣੌਤ ਦੇ ਬਿਆਨਾਂ ਨੇ ਲੱਖਾਂ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਦੇਸ਼ ਧ੍ਰੋਹੀ ਹਨ। ਦੇਸ਼ ਦੀ ਆਜ਼ਾਦੀ ਲੱਖਾਂ ਭਾਰਤੀਆਂ ਦੀ ਕੁਰਬਾਨੀ ਨੂੰ ਯਾਦ ਕਰਾਉਂਦੀ ਹੈ, ਜਿਸਦਾ ਇਸ ਅਭਿਨੇਤਰੀ ਦੇ ਬਿਆਨ ਨੇ ਨਿਰਾਦਰ ਅਤੇ ਬੇਇੱਜ਼ਤ ਕੀਤਾ ਹੈ।
1857 ਦੀ ਬਗ਼ਾਵਤ, ਚੰਪਾਰਨ ਸੱਤਿਆਗ੍ਰਹਿ, ਖ਼ਿਲਾਫ਼ਤ ਅੰਦੋਲਨ, ਭਾਰਤ ਛੱਡੋ ਅੰਦੋਲਨ, ਦਾਂਡੀ ਮਾਰਚ, ਅਸਹਿਯੋਗ ਅੰਦੋਲਨ ਅਤੇ ਹੋਰ ਅਣਗਿਣਤ ਵਿਰੋਧ ਪ੍ਰਦਰਸ਼ਨਾਂ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਲੱਖਾਂ ਭਾਰਤੀਆਂ ਦੀਆਂ ਕੁਰਬਾਨੀਆਂ ਨੂੰ ਕੰਗਨਾ ਨੇ ਨਿੰਦਿਆ ਹੈ ਅਤੇ ਸਿਰੇ ਤੋਂ ਨਕਾਰ ਦਿੱਤਾ ਹੈ। ਕੰਗਨਾ ਨੇ ਆਪਣੇ ਅਸੰਵੇਦਨਸ਼ੀਲ ਅਤੇ ਬਿਨਾਂ ਸੋਚੇ ਸਮਝੇ ਝੂਠ ਦੇ ਜ਼ਰੀਏ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਵਾਤੀ ਨੇ ਸਵਾਲ ਕੀਤਾ ਹੈ ਕਿ ਅਸੀਂ ਉਨ੍ਹਾਂ ਹਜ਼ਾਰਾਂ ਲੋਕਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਜੋ ਬ੍ਰਿਟਿਸ਼ ਸ਼ਾਸਨ ਅਤੇ ਉਸ ਤੋਂ ਬਾਅਦ ਹੋਏ ਕਤਲੇਆਮ ਦਾ ਵਿਰੋਧ ਕਰਨ ਲਈ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਏ ਸਨ? ਕੀ ਸਾਡੇ ਇਤਿਹਾਸ ਦੇ ਇਹ ਪੰਨੇ ‘ਝੂਠੇ’ ਹਨ?
ਸਵਾਤੀ ਨੇ ਪੱਤਰ ਵਿੱਚ ਵਾਰ ਵਾਰ ਮੰਗ ਕੀਤੀ ਹੈ ਕਿ ਰਾਸ਼ਟਰਪਤੀ ਕੋਵਿੰਦ ਕੰਗਨਾ ਰਣੌਤ ਦਾ ਪਦਮ ਸ਼੍ਰੀ ਵਾਪਸ ਲੈ ਲੈਣ, ਕਿਉਂ ਕਿ ਉਸਦਾ (ਕੰਗਨਾ ਰਨੌਤ) ਵਿਵਹਾਰ ਦੇਸ਼ ਦੇ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਲਈ ਕਿਸੇ ਵੀ ਤਰ੍ਹਾਂ ਢੁਕਵਾਂ ਨਹੀਂ ਹੈ।
ਸਵਾਤੀ ਦਾ ਗੁੱਸਾ ਇੰਨਾ ਵਧਿਆ ਹੋਇਆ ਹੈ ਕਿ ਉਨ੍ਹਾਂ ਨੇ ਕੰਗਨਾ ਦੇ ਨਾਲ ਜੁੜਿਆ ਰਾਸ਼ਟਰਪਤੀ ਨੂੰ ਲਿਖਿਆ ਇਹ ਪੱਤਰ ਟਵੀਟ ਕਰਕੇ ਲਿਖਿਆ ਹੈ ਕਿ ਕੰਗਨਾ ਰਨੌਤ ਅਜਿਹੀ ਔਰਤ ਹੈ ਜਿਸਨੂੰ ਗਾਂਧੀ, ਭਗਤ ਸਿੰਘ ਦੀ ਕੁਰਬਾਨੀ ਮਜ਼ਾਕ ਲੱਗਦੀ ਹੈ ਅਤੇ ਲੱਖਾਂ ਲੋਕਾਂ ਦੇ ਤਿਆਗ ਤੇ ਤਪੱਸਿਆ ਨਾਲ ਮਿਲੀ ਆਜ਼ਾਦੀ ਭੀਖ ਲੱਖਦੀ ਹੈ। ਇਸਨੂੰ ਪੁਰਸਕਾਰ ਦੀ ਨਹੀਂ, ਇਲਾਜ਼ ਦੀ ਲੋੜ ਹੈ।
ਬੀਜੇਪੀ ਦੇ ਲੀਡਰ ਕੰਗਨਾ ਦੇ ਬਿਆਨ ਤੋਂ ਅਸਹਿਮਤ
ਵੈਸੇ ਤਾਂ ਕੰਗਨਾ ਨੂੰ ਬੀਜੇਪੀ ਦੀ ਕੱਟੜ ਸਮਰਥਕ ਕਿਹਾ ਜਾਂਦਾ ਹੈ, ਪਰ ਇਸ ਵਾਰ ਕੰਗਨਾ ਕੁੱਝ ਜ਼ਿਆਦਾ ਹੀ ਬੋਲ ਗਈ ਕਿ ਦੇਸ਼ ਦੀ ਸਭ ਤੋਂ ਵੱਡੀ ਦੇਸ਼ ਭਗਤ ਕਹਾਉਣ ਵਾਲੀ ਪਾਰਟੀ ਬੀਜੇਪੀ ਨੂੰ ਵੀ ਕੰਗਨਾ ਦੀ ਇਸ ਜ਼ੁਬਾਨ ਤੋਂ ਅਲਰਜ਼ੀ ਹੋਈ ਹੈ। ਉੱਤਰ ਪ੍ਰਦੇਸ਼ ਦੇ ਪ੍ਰਧਾਨ ਲਕਸ਼ਮੀਕਾਂਤ ਵਾਜਪੇਈ ਨੇ ਕਿਹਾ ਹੈ ਕਿ ਹਜਾਰਾਂ ਕੁਰਬਾਨੀਆਂ ਤੋਂ ਬਾਅਦ 1947 ਨੂੰ ਮਿਲੀ ਦੇਸ਼ ਦੀ ਆਜ਼ਾਦੀ ਉੱਤੇ ਕੋਈ ਪ੍ਰਸ਼ਨਚਿਨ੍ਹ ਲਗਾਉਣਾ ਠੀਕ ਨਹੀਂ ਹੈ। ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਸਾਲ 2014 ਤੋਂ ਬਾਅਦ ਨਰਿੰਦਰ ਮੋਦੀ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਦੇਸ਼ ਵਿੱਚ ਵੱਡੇ ਸੁਧਾਰ ਹੋਏ ਹਨ, ਪਰ ਇਸ ਨਾਲ ਸੁਤੰਤਰਤਾ ਸੰਗ੍ਰਾਮ ਵਿੱਚ ਲੋਕਾਂ ਦੇ ਬਲਿਦਾਨ ਨੂੰ ਨਹੀਂ ਭੁੱਲ ਸਕਦੇ।
ਮੋੜ ਦਿਆਂਗੀ ਪਦਮਸ਼੍ਰੀ, ਜੇਕਰ….: ਕੰਗਨਾ
ਉੱਧਰ ਕੰਗਨਾ ਆਪਣੇ ਇਸ ਬਿਆਨ ਨੂੰ ਸਹੀ ਸਾਬਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਚਾਰੇ ਪਾਸਿਓਂ ਮੁਕੱਦਮੇ ਦਰਜ ਹੋਣ ਤੇ ਗ੍ਰਿਫਤਾਰੀ ਦੀ ਮੰਗ ਤੋਂ ਬਾਅਦ ਉਸਦੇ ਤਾਜਾ ਬਿਆਨ ਦੇ ਅਨੁਸਾਰ ਕੰਗਨਾ ਨੇ ਕਿਹਾ ਹੈ ਕਿ ਉਹ ਆਪਣਾ ਪਦਮਸ਼੍ਰੀ ਵਾਪਸ ਕਰ ਦੇਵੇਗੀ ਤੇ ਮਾਫੀ ਵੀ ਮੰਗੇਗੀ, ਜੇਕਰ ਕੋਈ ਉਸਦੇ ਇਕ ਸਵਾਲ ਦਾ ਜਵਾਬ ਦੇ ਦੇਵੇ।
ਕੰਗਨਾ ਨੇ ਇੰਸਟਾਗ੍ਰਾਮ ਉੱਤੇ ਇਕ ਪੋਸਟ ਪਾਈ ਹੈ ਤੇ ਲਿਖਿਆ ਹੈ ਕਿ 1857 ਵਿੱਚ ਆਜਾਦੀ ਲਈ ਇਕ ਸਮੂਹਿਕ ਲੜਾਈ ਲੜੀ ਗਈ ਸੀ, ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀ ਬਾਈ ਤੇ ਵੀਰ ਸਾਵਰਕਰ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ਨੇ ਇਹ ਲੜਾਈ ਲੜੀ। 1857 ਮੈਨੂੰ ਪਤਾ ਹੈ, ਪਰ 1947 ਵਿੱਚ ਕਿਹੜਾ ਯੁੱਧ ਹੋਇਆ ਸੀ, ਮੈਨੂੰ ਇਹ ਨਹੀਂ ਪਤਾ। ਜੇ ਕਿਸੇ ਨੂੰ ਪਤਾ ਹੈ ਤਾਂ ਮੈਨੂੰ ਜਾਗਰੂਕ ਕਰੇ। ਮੈਂ ਆਪਣਾ ਪਦਮਸ਼੍ਰੀ ਮੋੜ ਦਿਆਂਗੀ ਤੇ ਮਾਫੀ ਮੰਗ ਲਵਾਂਗੀ। ਕਿਰਪਾ ਮੇਰੀ ਮਦਦ ਕਰੋ।
ਤੁਹਾਨੂੰ ਦੱਸ ਦਈਏ ਕਿ ਕੰਗਨਾ ਦਾ ਵਿਵਾਦਿਤ ਬਿਆਨਾ ਨਾਲ ਕੋਈ ਇਹ ਨਵਾਂ ਜੋੜਮੇਲ ਨਹੀਂ ਹੈ। ਟਵਿੱਟਰ ਨੇ ਉਸਦੀਆਂ ਵਿਵਾਦਿਤ ਟਿੱਪਣੀਆਂ ਤੇ ਟਵੀਟਾਂ ਤੋਂ ਅੱਕ ਕੇ ਉਸਨੂੰ ਬਲੌਕ ਕੀਤਾ ਹੋਇਆ ਹੈ।