The Khalas Tv Blog Punjab ਕਿਸਾਨ ਜਥੇਬੰਦੀਆਂ ਕਾਰਨ ਬਿਜਲੀ ਮੰਤਰੀ ਦੀ ਤਿਆਰੀ ਧਰੀ-ਧਰਾਈ ਰਹਿ ਗਈ
Punjab

ਕਿਸਾਨ ਜਥੇਬੰਦੀਆਂ ਕਾਰਨ ਬਿਜਲੀ ਮੰਤਰੀ ਦੀ ਤਿਆਰੀ ਧਰੀ-ਧਰਾਈ ਰਹਿ ਗਈ

‘ਦ ਖ਼ਾਲਸ ਬਿਊਰੋ ( ਬਰਨਾਲਾ ) :- ਬਰਨਾਲਾ ਵਿਖੇ ਪਿੰਡ ਰਾਏਸਰ ਵਿਖੇ ਕੱਲ੍ਹ ਸੰਤ ਰਾਮ ਉਦਾਸੀ ਯਾਦਗਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਇੱਕ ਪਾਰਕ ਦਾ ਉਦਘਾਟਨ ਕੀਤਾ ਜਾਣਾ ਸੀ, ਪਰ ਕਿਸਾਨ ਜਥੇਬੰਦੀਆਂ ਕਾਰਨ ਕਾਂਗਰਸੀਆਂ ਦੀ ਤਿਆਰੀ ਧਰੀ-ਧਰਾਈ ਰਹਿ ਗਈ। ਪੰਜਾਬ ਕੈਬਨਿਟ ਵੱਲੋਂ ਵਿਧਾਨ ਸਭਾ ਦਾ ਸ਼ੈਸ਼ਨ ਸੱਦ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਨਾ ਪਾਉਣ ਤੋਂ ਕਿਸਾਨ ਜਥੇਬੰਦੀਆਂ ਖਫ਼ਾ ਹਨ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਬਿਜਲੀ ਮੰਤਰੀ ਦੇ ਸਕੂਲ ਪਹੁੰਚਣ ਤੋਂ ਕੁੱਝ ਮਿੰਟ ਪਹਿਲਾਂ ਹੀ ਸਕੂਲ ਦਾ ਘਿਰਾਓ ਕਰ ਲਿਆ ਗਿਆ, ਜਦ ਕਿਸਾਨ ਜਥੇਬੰਦੀਆਂ ਨੇ ਸਕੂਲ ਦਾ ਘਿਰਾਓ ਕੀਤਾ ਤਾਂ ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਸਕੂਲ ਵਿੱਚ ਹੀ ਹਾਜ਼ਰ ਸਨ।

ਸਥਿਤੀ ਤਣਾਅਪੂਰਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਸੀ। ਕਿਸਾਨਾਂ ਦਾ ਰੋਹ ਦੇਖਦਿਆਂ ਪੁਲੀਸ ਨੂੰ ਕੈਬਨਿਟ ਮੰਤਰੀ ਨੂੰ ਰਸਤੇ ਵਿੱਚੋਂ ਹੀ ਮੋੜਨਾ ਪਿਆ। ਇਸ ਦੇ ਨਾਲ ਹੀ ਕਿਸਾਨਾਂ ਨੇ ਲੰਮਾ ਸਮਾਂ ਬੀਬੀ ਘਨੌਰੀ ਦਾ ਘਿਰਾਓ ਕਰੀ ਰੱਖਿਆ। ਕਿਸਾਨਾਂ ਨੇ ਇਸ ਸ਼ਰਤ ’ਤੇ ਧਰਨਾ ਚੁੱਕਿਆ ਕਿ ਬੀਬੀ ਘਨੌਰੀ ਲੋਕ ਇਕੱਠ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ। ਬੀਕੇਯੂ ਡਕੌਂਦਾ ਦੇ ਜਗਰਾਜ ਹਰਦਾਸਪੁਰਾ ਤੇ ਬੀਕੇਯੂ ਲੱਖੋਵਾਲ ਦੇ ਜਗਸੀਰ ਸਿੰਘ ਛੀਨੀਵਾਲ ਨੇ ਬੀਬੀ ਘਨੌਰੀ ਨੂੰ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ, ਕਿ ਇੱਕ ਹਫ਼ਤੇ ਵਿੱਚ ਖੇਤੀ ਆਰਡੀਨੈਂਸ ਰੱਦ ਕੀਤੇ ਜਾਣਗੇ ਤਾਂ ਉਸ ਵਾਅਦੇ ਦਾ ਕੀ ਬਣਿਆ ਅਤੇ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰ ਕਿਉਂ ਨਹੀਂ ਚੜ੍ਹਿਆ ਤਾਂ ਬੀਬੀ ਘਨੌਰੀ ਕਿਸਾਨਾਂ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਸਕੀ।

Exit mobile version