The Khalas Tv Blog India DSGMC ਚੋਣਾਂ – ਸਰਨਾ ਭਰਾਵਾਂ ਨੇ ਸਾਰੇ ਮੈਂਬਰਾਂ ਨੂੰ ਚੁਕਾਈ ਅਨੋਖੀ ਸਹੁੰ
India

DSGMC ਚੋਣਾਂ – ਸਰਨਾ ਭਰਾਵਾਂ ਨੇ ਸਾਰੇ ਮੈਂਬਰਾਂ ਨੂੰ ਚੁਕਾਈ ਅਨੋਖੀ ਸਹੁੰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ  ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਪ੍ਰਕਾਰ ਦੇ ਰਾਜਨੀਤੀਕਰਨ, ਪੰਥ ਵਿਰੋਧੀ ਨੀਤੀਆਂ ਅਤੇ ਕੰਮਾਂ ਤੋਂ ਦੂਰ ਰੱਖਣ ਲਈ ਆਪਣੇ ਮੁੱਖ ਮੈਂਬਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਹੁੰ ਚੁਕਾਈ ਹੈ। ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਸਹੁੰ ਚੁੱਕਦਿਆਂ ਕੀ ਕਿਹਾ, ਉਹ ਅਸੀਂ ਤੁਹਾਨੂੰ ਇੱਥੇ ਇੰਨ-ਬਿੰਨ ਦੱਸਦੇ ਹਾਂ।

ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਸਹੁੰ ਚੁੱਕਦਿਆਂ ਕਿਹਾ ਕਿ ‘ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਦਿੱਲੀ ਦੇ ਉਮੀਦਵਾਰ ਹੋਣ ਦੇ ਨਾਤੇ ਹੋਲਾ-ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਅਕਾਲ ਪੁਰਖ ਨੂੰ ਹਾਜ਼ਰ ਮੰਨ ਕੇ ਸਹੁੰ ਚੁੱਕਦੇ ਹਾਂ ਕਿ;

ਅਸੀਂ ਇਨ੍ਹਾਂ ਚੋਣਾਂ ਵਿੱਚ ਸੰਗਤ ਅਤੇ ਸਿੱਖੀ ਦੀ ਸੇਵਾ ਨੂੰ ਸਮਰਪਿਤ ਰਹਾਂਗੇ। ਸਾਡਾ ਇੱਕੋ-ਇੱਕ ਉਦੇਸ਼ ਇਨ੍ਹਾਂ ਚੋਣਾਂ ਦੇ ਜ਼ਰੀਏ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰਹਿਤ ਮਰਿਆਦਾ ਦੀ ਪਾਲਣਾ ਅਤੇ ਉਨ੍ਹਾਂ ਦੇ ਚੰਗੇ ਪ੍ਰਬੰਧ ‘ਚ ਯੋਗਦਾਨ ਦੇਣਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਣ ਵਾਲੀਆਂ ਸਾਡੀਆਂ ਜਿੰਨੀਆਂ ਵੀ ਸੇਵਾਵਾਂ ਅਤੇ ਅਦਾਰੇ ਹਨ, ਜਿਵੇਂ ਕਿ ਸਕੂਲ, ਕਾਲਜ, ਹਸਪਤਾਲ, ਪੋਲੀਟੈਕਨਿਕ ਵਗੈਰਾ ਦੀ ਸਾਂਭ-ਸੰਭਾਲ ਅਤੇ ਵਿਕਾਸ ਦਾ ਜ਼ਿੰਮੇਵਾਰੀ ਅਸੀਂ ਪੂਰੀ ਸ਼ਰਧਾ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ, ਅਧਿਆਪਕ, ਸੇਵਾਦਾਰ ਦੀਆਂ ਤਨਖਾਹਾਂ ਅਤੇ ਹੋਰਨਾ ਦੇਣਦਾਰੀਆਂ ਨੂੰ ਸਮੇਂ-ਸਿਰ ਅਦਾ ਕੀਤਾ ਜਾਇਆ ਕਰੇਗਾ। ਅਸੀਂ ਕਮੇਟੀ ਦੀ ਸੇਵਾ ਦੌਰਾਨ ਆਪਣੀ ਕਿਸੇ ਵੀ ਰਾਜਨੀਤਿਕ ਫਾਇਦੇ, ਨਿੱਜੀ ਫਾਇਦੇ ਜਾਂ ਸ਼ੋਹਰਤ ਖੱਟਣ ਦੀ ਲਾਲਸਾ ਨੂੰ ਅੱਗੇ ਨਹੀਂ ਆਉਣ ਦੇਵਾਂਗੇ। ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗੇ, ਜਿਸ ਨਾਲ ਦਿੱਲੀ ਦੀ ਸੰਗਤ ਜਾਂ ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਦਾ ਹੋਵੇ। ਕੋਈ ਵੀ ਮੈਂਬਰ ਸਕੂਲਾਂ, ਕਾਲਜਾਂ ਵਿੱਚ ਕੋਈ ਬੇਲੋੜੀ ਦਖਲ-ਅੰਦਾਜ਼ੀ ਨਹੀਂ ਕਰੇਗਾ’।

Exit mobile version