The Khalas Tv Blog Punjab ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , 13 ਗ੍ਰਿਫਤਾਰ, 34.72 ਲੱਖ ਦੀ ਡਰੱਗ ਮਨੀ ਬਰਾਮਦ
Punjab

ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ , 13 ਗ੍ਰਿਫਤਾਰ, 34.72 ਲੱਖ ਦੀ ਡਰੱਗ ਮਨੀ ਬਰਾਮਦ

Drug selling gang busted from Pakistan 13 arrested drug money worth 34.72 lakh recovered

ਪਾਕਿਸਤਾਨ ਤੋਂ ਨਸ਼ਾ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 13 ਗ੍ਰਿਫਤਾਰ, 34.72 ਲੱਖ ਦੀ ਡਰੱਗ ਮਨੀ ਬਰਾਮਦ

ਗੁਰਦਾਸਪੁਰ : ਪੁਲਿਸ ਨੇ ਪਾਕਿਸਤਾਨ ਸਥਿਤ ਸਮੱਗਲਰਾਂ ਨਾਲ ਤਾਲਮੇਲ ਕਰਕੇ ਸਰਹੱਦ ਪਾਰ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੂੰ ਇਨ੍ਹਾਂ ਕੋਲੋਂ 4 ਕਿਲੋ 516 ਗ੍ਰਾਮ ਹੈਰੋਇਨ, 34.72 ਲੱਖ ਰੁਪਏ ਦੀ ਡਰੱਗ ਮਨੀ, 6 ਪਿਸਤੌਲ, ਸੱਤ ਮੈਗਜ਼ੀਨ ਅਤੇ 77 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਫਿਰੌਤੀ ਅਤੇ ਨਿੱਜੀ ਦੁਸ਼ਮਣੀ ਲਈ ਕੀਤੀ ਜਾਣੀ ਸੀ।

ਇਸ ਗਰੋਹ ਦਾ ਮਾਸਟਰਮਾਈਂਡ ਜੁਗਰਾਜ ਸਿੰਘ ਉਰਫ ਛੋਟੂ ਵਾਸੀ ਸ਼ਾਹੂਰਕਾਲਾ ਪਹਿਲਾਂ ਜਰਮਨੀ ਰਹਿੰਦਾ ਸੀ। ਜੁਗਰਾਜ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੁਝ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਤਸਕਰਾਂ ਦੀ ਇੱਕ ਟੀਮ ਬਣਾਈ ਸੀ। ਉਸ ਨੂੰ ਫਰਵਰੀ ‘ਚ ਭਾਰਤ ਪਹੁੰਚਣ ‘ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜੁਗਰਾਜ ਦਾ ਨੈੱਟਵਰਕ ਇੰਨਾ ਮਜ਼ਬੂਤ ਸੀ ਕਿ ਉਹ ਜੇਲ੍ਹ ਵਿੱਚੋਂ ਹੀ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਲਿਆਉਂਦਾ ਸੀ ਅਤੇ ਫਿਰ ਸਮੱਗਲਰਾਂ ਦੀ ਟੀਮ ਰਾਹੀਂ ਸਪਲਾਈ ਕਰਦਾ ਸੀ।

ਗੁਰਦਾਸਪੁਰ ਪੁਲਿਸ ਨੇ ਟੀਮ ਨੂੰ ਟਰੇਸ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਜੁਗਰਾਜ ਸਿੰਘ ਦਾ ਪਿਤਾ ਅਵਤਾਰ ਸਿੰਘ ਵੀ ਵੱਡਾ ਤਸਕਰ ਰਿਹਾ ਹੈ ਅਤੇ 10 ਸਾਲ ਦੀ ਸਜ਼ਾ ਭੁਗਤ ਚੁੱਕਾ ਹੈ। ਹਾਲ ਹੀ ਵਿੱਚ ਦੋਰਾਂਗਲਾ ਥਾਣੇ ਦੀ ਪੁਲਿਸ ਨੇ ਜੁਗਰਾਜ ਸਿੰਘ ਨੂੰ ਦੋਰਾਂਗਲਾ ਥਾਣੇ ਵਿੱਚ 2022 ਵਿੱਚ ਦਰਜ ਇੱਕ ਕੇਸ ਦੇ ਸਬੰਧ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਨੇ ਇਸ ਗਿਰੋਹ ਦੇ ਮੈਂਬਰਾਂ ਦੀਆਂ ਤਾਰਾਂ ਨਾਲ ਤਾਰਾਂ ਜੋੜਨ ਦਾ ਕੰਮ ਕੀਤਾ। ਤਫਤੀਸ਼ ਦੌਰਾਨ ਪੁਲਿਸ ਨੇ ਪਹਿਲਾਂ 16 ਅਪ੍ਰੈਲ 2023 ਨੂੰ ਬਾਊਪੁਰ ਅਫਗਾਨਾ ਤੋਂ ਦੋ ਕਿਲੋ 116 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਫਿਰ 24 ਅਪ੍ਰੈਲ 2023 ਨੂੰ ਪਾਕਿਸਤਾਨ ਤੋਂ ਮੰਗਵਾਈ ਗਈ ਦੋ ਕਿਲੋ 116 ਗ੍ਰਾਮ ਹੈਰੋਇਨ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ।

ਡੀਆਈਜੀ ਨਰਿੰਦਰ ਭਾਰਗਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਜੁਗਰਾਜ ਸਿੰਘ, ਗੁਰਸਾਹਿਬ ਸਿੰਘ ਉਰਫ਼ ਸਾਬ ਵਾਸੀ ਦੋਸਤਪੁਰ, ਦਲਜੀਤ ਸਿੰਘ, ਗਗਨਦੀਪ ਸਿੰਘ, ਬਿਕਰਮਜੀਤ ਸਿੰਘ ਉਰਫ਼ ਬਿੱਕਾ, ਹਰਪਾਲ ਸਿੰਘ, ਵਰਿੰਦਰ ਕੁਮਾਰ ਅਤੇ ਅਰੁਣ ਕੁਮਾਰ ਸਾਰੇ ਵਾਸੀ ਬਾਊਪੁਰ ਅਫ਼ਗਾਨਾ, ਗੁਰਪ੍ਰੀਤ ਸਿੰਘ ਉਰਫ਼। ਆਦੀਨ ਵਾਸੀ ਗੋਪੀ, ਰਵਿੰਦਰ ਸਿੰਘ ਉਰਫ਼ ਰੋਹਿਤ ਵਾਸੀ ਦੋਸਤਪੁਰ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਮਾਹਾਵਾ, ਗੋਲੀ ਉਰਫ਼ ਬੰਟੀ ਵਾਸੀ ਰੱਤੜ ਛੱਤੜ, ਕਰਨਦੀਪ ਸਿੰਘ ਉਰਫ਼ ਕਰਨਾ ਵਾਸੀ ਰਾਜਪੁਰ ਚਿੱਬ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਸਐਸਪੀ ਹਰੀਸ਼ ਦਿਆਮਾ ਨੇ ਦੱਸਿਆ ਕਿ ਗਰੋਹ ਦੇ ਸਰਗਨਾ ਜੁਗਰਾਜ ਸਿੰਘ ਉਰਫ਼ ਛੋਟੂ ਵਾਸੀ ਸ਼ਾਹੂਰ ਕਲਾਂ ਖ਼ਿਲਾਫ਼ ਪਹਿਲਾਂ ਵੀ ਚਾਰ ਕੇਸ ਦਰਜ ਹਨ। ਜੁਗਰਾਜ ਸਿੰਘ ਜਾਂ ਉਸ ਦੇ ਕਿਸੇ ਸਮੱਗਲਰ ਵੱਲੋਂ ਅਤੀਕ ਅਹਿਮਦ ਅਤੇ ਅਸ਼ਰਫ਼ ਨੂੰ ਹਥਿਆਰਾਂ ਦੀ ਸਪਲਾਈ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ ਹਨ। ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਵਿੱਚ ਜੁਟੀ ਹੋਈ ਹੈ।

Exit mobile version