The Khalas Tv Blog Punjab ਕਿਸਨੂੰ ਸਿੱਖ ਅਤੇ ਪੰਜਾਬੀ ਹੋਣ ਕਰਕੇ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ
Punjab

ਕਿਸਨੂੰ ਸਿੱਖ ਅਤੇ ਪੰਜਾਬੀ ਹੋਣ ਕਰਕੇ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਇੱਕ ਅਧਿਆਪਕ ਡਾ.ਭੁਪਿੰਦਰ ਸਿੰਘ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ‘ਸਿੱਖ ਅਤੇ ਪੰਜਾਬੀ ਹੋਣ ਦੇ ਕਰਕੇ ਉਨ੍ਹਾਂ ਦੇ ਨਾਲ ਪੱਖਪਾਤ ਕੀਤਾ ਗਿਆ। ਉਨ੍ਹਾਂ ਨੂੰ ਤਰੱਕੀ (promotion) ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਮੌਜੂਦ ਸਾਰੇ ਸਿੱਖ ਸਟਾਫ ਦੇ ਨਾਲ ਅਜਿਹਾ ਵਿਤਕਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕਈ ਸਾਲਾਂ ਤੋਂ ਉਨ੍ਹਾਂ ਦੀ ਤਰੱਕੀ ਨਹੀਂ ਹੋਣ ਦਿੱਤੀ ਜਾ ਰਹੀ। ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸਦਾ ਉਨ੍ਹਾਂ ਨੇ ਕਾਰਨ ਵੀ ਦੱਸਿਆ ਕਿ ਇੱਕ ਸਿੱਖ ਹੋਣ ਦੇ ਨਾਤੇ ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ’।

ਉਨ੍ਹਾਂ ਕਿਹਾ ਕਿ ‘ਯੂਨੀਵਰਸਿਟੀ ਵਿੱਚ ਜੋ ਕੁੱਝ ਹੋ ਰਿਹਾ ਹੈ, ਉਸਨੇ ਮੈਨੂੰ ਇਹ ਸੋਚਣ ਲਈ ਮਜ਼ਬੂਰ ਕੀਤਾ ਹੈ। ਮੈਂ 2014 ਵਿੱਚ ਇਸ ਯੂਨੀਵਰਸਿਟੀ ਵਿੱਚ ਆਇਆ ਅਤੇ 2015-16 ਵਿੱਚ ਮੈਂ ਤਰੱਕੀ ਲਈ ਅਪਲਾਈ ਕੀਤਾ। 2018 ਤੱਕ ਤਾਂ ਮੇਰੀ ਐਪਲੀਕੇਸ਼ਨ ਨੂੰ ਵਿਭਾਗ ਵਿੱਚ ਅੱਗੇ ਤੋਰਿਆ ਹੀ ਨਹੀਂ ਗਿਆ। 2 ਸਾਲ ਮੈਂ ਉਨ੍ਹਾਂ ਅੱਗੇ ਆਪਣੀ ਪ੍ਰਮੋਸ਼ਨ ਦਾ ਕੇਸ ਅੱਗੇ ਤੋਰਨ ਲਈ ਮਿੰਨਤਾਂ ਕੀਤੀਆਂ। 19 ਜੁਲਾਈ 2018 ਨੂੰ ਮੇਰੀ ਤਰੱਕੀ ਲਈ ਇੰਟਰਵਿਊ ਹੋਈ। ਮੈਂ ਸਾਰੇ ਪੜਾਅ ਪਾਰ ਕੀਤੇ। ਉਸ ਤੋਂ ਬਾਅਦ ਤਿੰਨ ਸਾਲ ਹੋ ਗਏ ਪਰ ਮੈਨੂੰ ਪ੍ਰਮੋਸ਼ਨ ਦੀ ਕੋਈ ਚਿੱਠੀ ਨਹੀਂ ਦਿੱਤੀ ਗਈ। ਮੈਂ ਵਾਰ-ਵਾਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਪਰ ਮੈਨੂੰ ਉਸਦਾ ਜਵਾਬ ਨਹੀਂ ਦਿੱਤਾ ਗਿਆ। ਮੈਂ ਆਰਟੀਆਈ ਵੀ ਪਾਈ ਪਰ ਉਸ ਵਿੱਚ ਵੀ ਮੈਨੂੰ ਉਨ੍ਹਾਂ ਨੇ ਕੋਈ ਦਸਤਾਵੇਜ਼ ਨਹੀਂ ਦਿੱਤਾ’।

ਉਨ੍ਹਾਂ ਕਿਹਾ ਕਿ ‘ਯੂਨੀਵਰਸਿਟੀ ਵਿੱਚ ਸਾਰੇ ਪੰਜਾਬੀਆਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਗੈਰ-ਪੰਜਾਬੀਆਂ ਨੂੰ ਪੋਸਟਾਂ ਦਿੱਤੀਆਂ ਗਈਆਂ ਹਨ। ਇੱਕ ਬੰਦੇ ਕੋਲ ਤਿੰਨ-ਚਾਰ ਪੋਸਟਾਂ ਇਕੱਠੀਆਂ ਹਨ, ਜਿਸ ਵਿੱਚ ਪੈਸੇ ਇੱਧਰ-ਉੱਧਰ ਹੋ ਰਹੇ ਹਨ। ਹੋਸਟਲ ਵੀ ਸਿਰਫ ਕੁੱਝ ਕੁ ਹੀ ਪੰਜਾਬੀਆਂ ਨੂੰ ਦਿੱਤੇ ਹਨ, ਬਾਕੀ ਸਾਰੇ ਇਨ੍ਹਾਂ ਨੇ ਆਪਣੇ ਬੰਦਿਆਂ ਨੂੰ ਦਿੱਤੇ ਹਨ, ਜਿੱਥੇ ਆਰਐੱਸਐੱਸ ਦੀਆਂ ਬਾਕਾਇਦਾ ਮੀਟਿੰਗਾਂ ਵੀ ਹੁੰਦੀਆਂ ਹਨ’।

Exit mobile version