‘ਦ ਖਾਲਸ ਬਿਊਰੋ (ਗੁਲਜਿੰਦਰ ਕੌਰ ) : ਪੰਜਾਬ ਵਿੱਚ ਇਸ ਸਮੇਂ ਕੜਾਕੇ ਦੀ ਸ਼ੀਤ ਲਹਿਰ ਜਾਰੀ ਹੈ ਤੇ ਆਮ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ । ਹਰ ਇਨਸਾਨ ਕੋਈ ਨਾ ਕੋਈ ਤਰੀਕਾ ਲਭਦਾ ਹੈ ਇਸ ਸਰਦੀ ਤੋਂ ਰਾਹਤ ਪਾਉਣ ਲਈ ਤੇ ਇਸ ਮੌਸਮ ਦੌਰਾਨ ਲੋਕ ਅਕਸਰ ਹੀ ਅੰਗੀਠੀ ਜਾ ਸਟੋਵ ਬਾਲ ਕੇ ਬੰਦ ਕਮਰੇ ਵਿੱਚ ਰਖਦੇ ਹਨ ਤਾਂ ਜੋ ਸਰਦੀ ਤਾਂ ਜੋ ਰਾਹਤ ਮਿਲ ਸਕੇ ਪਰ ਕਈ ਵਾਰ ਇਹ ਲਾਪਰਵਾਹੀ ਜਾਨ ਵੀ ਲੈ ਲੈਂਦੀ ਹੈ।
ਅੱਜ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਸੁਨਾਮ ਵਿੱਖੇ ਰਹਿ ਰਹੇ ਕੁੱਝ ਪਰਵਾਸੀ ਮਜ਼ਦੂਰ ਠੰਡ ਤੋਂ ਬਚਣ ਲਈ ਆਪਣੇ ਕਮਰੇ ਵਿੱਚ ਅੰਦਰ ਅੰਗੀਠੀ ਬਾਲ ਕੇ ਸੌਂ ਗਏ ਪਰ ਮੁੜ ਉੱਠ ਨਾ ਸਕੇ ਕਿਉਂਕਿ ਅੰਗੀਠੀ ਵਿੱਚੋਂ ਪੈਦਾ ਹੋਈ ਜ਼ਹਿਰੀਲੀ ਗੈਸ ਕਾਰਨ ਉਹਨਾਂ ਦਾ ਦਮ ਘੁਟ ਹੋ ਗਿਆ ਸੀ । ਇਹ ਹਾਦਸਾ ਜਿਥੇ ਸਾਨੂੰ ਸਬਕ ਦਿੰਦਾ ਹੈ ,ਉਥੇ ਸਾਡੀ ਲਾਪਰਵਾਹੀ ‘ਤੇ ਵੀ ਸਵਾਲ ਉਠਾਉਂਦਾ ਹੈ।ਸੋ ਇਸ ਕੜਾਕੇ ਦੀ ਸਰਦੀ ਵਿੱਚ ਸਟੋਵ ਜਗਾ ਕੇ ਬੰਦ ਕਮਰੇ ਵਿੱਚ ਸੌਣ ਦੀ ਗਲਤੀ ਨਾ ਕਰੋ,ਖਾਸ ਕਰਕੇ ਉਦੋਂ ,ਜਦੋਂ ਕਮਰੇ ਵਿੱਚ ਕੋਈ ਤਾਕੀ ਜਾ ਰੋਸ਼ਨਦਾਨ ਨਾ ਹੋਵੇ।
ਇਥੇ ਸਮਝਣ ਲਈ ਜਿਹੜੀ ਸਭ ਤੋਂ ਜਰੂਰੀ ਗੱਲ ਹੈ,ਉਹ ਹੈ ਅੱਗ ਬਾਲਣ ਲਈ ਆਕਸੀਜਨ ਜ਼ਰੂਰੀ ਹੈ,ਆਕਸੀਜਨ ਤੋਂ ਬਿਨਾਂ ਅੱਗ ਨਹੀਂ ਬਲ ਸਕਦੀ।ਜਦੋਂ ਤੁਸੀਂ ਬੰਦ ਕਮਰੇ ਵਿੱਚ ਚੁੱਲ੍ਹਾ ਬਾਲਦੇ ਹੋ, ਤਾਂ ਉਸ ਦੀ ਅੱਗ ਕਮਰੇ ਵਿੱਚ ਮੌਜੂਦ ਆਕਸੀਜਨ ਨੂੰ ਹੋਲੀ ਹੋਲੀ ਖ਼ਤਮ ਕਰਦੀ ਰਹਿੰਦੀ ਹੈ। ਇਸ ਕਾਰਨ ਹੁੰਦਾ ਇਹ ਹੈ ਕਿ ਕਮਰੇ ਵਿੱਚ ਮੌਜੂਦ ਆਕਸੀਜਨ ਘੱਟ ਜਾਂਦੀ ਹੈ ਤੇ ਕਮਰਾ ਬੰਦ ਹੋਣ ਕਾਰਨ ਤਾਜ਼ੀ ਹਵਾ ਦੀ ਸਪਲਾਈ ਨਹੀਂ ਹੁੰਦੀ ਅਤੇ ਆਕਸੀਜਨ ਘਟਦੀ ਜਾਂਦੀ ਹੈ।ਕਿਉਂਕਿ ਸਰਦੀਆਂ ਵਿੱਚ ਆਮ ਤੋਰ ‘ਤੇ ਸਾਰੇ ਤਾਕੀਆਂ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਜੋ ਕਮਰੇ ਨੂੰ ਨਿਘਾ ਕੀਤਾ ਜਾ ਸਕੇ।
ਹੁਣ ਜਦੋਂ ਅੱਗ ਘੱਟ ਆਕਸੀਜਨ ਵਿੱਚ ਬਲੇਗੀ , ਤਾਂ ਇਹ CO2 ਦੇ ਨਾਲ-ਨਾਲ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਵੀ ਪੈਦਾ ਕਰੇਗੀ,ਜੋ ਕਿ ਬੇਹਦ ਘਾਤਕ ਗੈਸ ਹੈ। ਸੋ ਇਸ ਤਰਾਂ ਇੱਕ ਘਾਤਕ ਗੈਸ ਦਾ ਅੰਦਰ ਜਮਾਂ ਹੋਈ ਜਾਣਾ ਤੇ ਆਕਸੀਜ਼ਨ ਦਾ ਘਟੀ ਜਾਣਾ, ਇੱਕ ਤਰਾਂ ਨਾਲ ਮੌਤ ਦਾ ਕਾਰਨ ਬਣ ਜਾਂਦਾ ਹੈ।
ਇਸ ਲਈ ਜਰੂਰੀ ਹੈ ਕਿ ਘਰ ਦੀ ਛੱਤ ਵਿੱਚ ਇੱਕ ਸਕਾਈਲਾਈਟ ਹੋਵੇ ਅਤੇ ਉਹ ਖੁੱਲਾ ਹੋਵੇ ਤਾਂ ਜੋ ਕਮਰੇ ਦੀ ਸਾਰੀ ਜ਼ਹਿਰੀਲੀ ਗੈਸ ਉਸ ਰਾਹੀਂ ਬਾਹਰ ਜਾਂਦੀ ਰਹੇ। ਇਸ ਨਾਲ ਖ਼ਤਰਾ ਟਲ ਜਾਂਦਾ ਹੈ।ਇਸ ਤੋਂ ਇਲਾਵਾ ਘਰਾਂ ਵਿੱਚ ਪੁਰਾਣੇ ਜ਼ਮਾਨੇ ਵਾਂਗ ਇੱਕ ਚਿਮਨੀ ਵੀ ਰੱਖੀ ਜਾ ਸਕਦੀ ਹੈ,ਜੋ ਛੱਤ ਦੇ ਉਪਰੋਂ ਖੁੱਲ੍ਹਦੀ ਹੋਵੇ ਤੇ ਜਿਸ ਨਾਲ ਜ਼ਹਿਰੀਲੀ ਗੈਸ ਬਾਹਰ ਨਿਕਲਦੀ ਰਹੇ।
ਪੁਰਾਣੇ ਸਮਿਆਂ ਵਿਚ ਪਿੰਡਾਂ ਵਿਚ ਲੋਕ ਅੱਗ ਬਾਲ ਕੇ ਕਮਰੇ ਵਿਚ ਬਲਦੀ ਅੱਗ ਨੂੰ ਛੱਡ ਕੇ ਖ਼ੁਸ਼ੀ ਦੀ ਨੀਂਦ ਸੌਂਦੇ ਸਨ ਕਿਉਂਕਿ ਪੁਰਾਣੇ ਘਰਾਂ ਦੇ ਢਾਂਚੇ ਇਸ ਤਰਾਂ ਦੇ ਬਣਾਏ ਜਾਂਦੇ ਸੀ ਕਿ ਜ਼ਹਿਰੀਲੀ ਗੈਸ ਬਾਹਰ ਨਿਕਲ ਜਾਂਦੀ ਸੀ ।
ਸੋ ਲੋੜ ਹੈ ਕਿ ਅਜਿਹੀਆਂ ਲਾਪਰਵਾਹੀਆਂ ਨਾ ਕੀਤੀਆਂ ਜਾਣ,ਜਿਸ ਨਾਲ ਜਾਨ ‘ਤੇ ਬਣ ਜਾਵੇ ਤੇ ਜੇਕਰ ਅੰਦਰ ਅੰਗੀਠੀ ਜਾ ਹੋਰ ਕੋਈ ਚੁਲ੍ਹਾ ਰੱਖਿਆ ਵੀ ਜਾਂਦਾ ਹੈ ਤਾਂ ਉਸ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਬਾਹਰ ਰੱਖ ਦਿੱਤਾ ਜਾਵੇ ਤਾਂ ਜੋ ਅੰਦਰ ਜ਼ਹਿਰੀਲੀ ਗੈਸ ਨਾ ਇਕੱਠੀ ਨਾ ਹੋ ਸਕੇ।