The Khalas Tv Blog Punjab ਡੀਐਮ ਰੰਧਾਵਾ ਮਾਮਲੇ ’ਚ ਖ਼ੁਦਕੁਸ਼ੀ ਦੀ CCTV ਆਈ ਸਾਹਮਣੇ! ਸਲਫ਼ਾਸ ਦੀਆਂ ਗੋਲ਼ੀਆਂ ਖਾਂਦੇ ਦਿੱਸੇ DM ਰੰਧਾਵਾ
Punjab

ਡੀਐਮ ਰੰਧਾਵਾ ਮਾਮਲੇ ’ਚ ਖ਼ੁਦਕੁਸ਼ੀ ਦੀ CCTV ਆਈ ਸਾਹਮਣੇ! ਸਲਫ਼ਾਸ ਦੀਆਂ ਗੋਲ਼ੀਆਂ ਖਾਂਦੇ ਦਿੱਸੇ DM ਰੰਧਾਵਾ

ਅੰਮ੍ਰਿਤਸਰ (23 ਮਾਰਚ, 2026): ਅੰਮ੍ਰਿਤਸਰ ਵਿੱਚ ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਤੀਜੇ ਦਿਨ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪਰਿਵਾਰ ਨੇ ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੱਕ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਇਸ ਘਟਨਾ ਦੀ ਇੱਕ 3 ਮਿੰਟ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ 21 ਮਾਰਚ ਦੀ ਸਵੇਰ ਰੰਧਾਵਾ ਆਪਣੇ ਘਰ ਦੇ ਵਿਹੜੇ ਵਿੱਚ ਟਹਿਲਦੇ ਦਿਖਾਈ ਦੇ ਰਹੇ ਹਨ। ਫੁਟੇਜ ਵਿੱਚ ਉਹ ਕੁਝ ਸੋਚਦੇ ਹੋਏ ਅਚਾਨਕ ਰੁਕਦੇ ਹਨ ਅਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਪਾਣੀ ਪੀ ਲੈਂਦੇ ਹਨ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਵੀਡੀਓ ਬਣਾ ਕੇ ਮੰਤਰੀ ਲਾਲਜੀਤ ਭੁੱਲਰ ’ਤੇ ਤੰਗ ਕਰਨ ਦੇ ਇਲਜ਼ਾਮ ਲਾਏ ਸਨ।

ਪਰਿਵਾਰ ਦਾ ਸਰਕਾਰ ਵਿਰੁੱਧ ਮੋਰਚਾ

ਰੰਧਾਵਾ ਦੀ ਪਤਨੀ ਉਪਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲਾਲਜੀਤ ਭੁੱਲਰ ਅਤੇ ਉਸ ਦੇ ਪਿਤਾ ਸੁਖਦੇਵ ਭੁੱਲਰ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਆਪਣੇ ਬੱਚਿਆਂ ਸਮੇਤ ਸੜਕ ’ਤੇ ਬੈਠਣਗੇ। ਰੰਧਾਵਾ ਦੀ ਮਾਂ ਅਤੇ ਬੇਟੀ ਸੀਰਤ ਕੌਰ ਨੇ ਵੀ ਸਿਸਟਮ ’ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਮੰਤਰੀਆਂ ਲਈ ਕਾਨੂੰਨ ਵੱਖਰਾ ਹੈ?

ਅਸਤੀਫ਼ੇ ਤੇ ਸਿਆਸੀ ਘਮਾਸਾਨ

ਦੂਜੇ ਪਾਸੇ, ਲਾਲਜੀਤ ਭੁੱਲਰ ਦੇ ਅਸਤੀਫ਼ੇ ਨੂੰ ਲੈ ਕੇ ਸਿਆਸੀ ਸਸਪੈਂਸ ਬਰਕਰਾਰ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਅਸਤੀਫ਼ਾ ਅਜੇ ਤੱਕ ਰਾਜਪਾਲ ਕੋਲ ਨਹੀਂ ਪਹੁੰਚਿਆ, ਜਦੋਂ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਨੁਸਾਰ ਅਸਤੀਫ਼ਾ ਦੋ ਦਿਨ ਦੇਰੀ ਨਾਲ ਪਹੁੰਚਿਆ ਹੈ। ਹਾਲੇ ਤੱਕ ਅਸਤੀਫ਼ੇ ਦੀ ਕੋਈ ਅਧਿਕਾਰਤ ਕਾਪੀ ਜਨਤਕ ਨਹੀਂ ਹੋਈ ਹੈ।

Exit mobile version