The Khalas Tv Blog Punjab ਦੀਵਾਲੀ ਨੇ ਰੁਸ਼ਨਾਏ ਲੋਕਾਂ ਦੇ ਮਨ
Punjab

ਦੀਵਾਲੀ ਨੇ ਰੁਸ਼ਨਾਏ ਲੋਕਾਂ ਦੇ ਮਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾ ਦੀ ਲੰਬੀ ਮਾਰ ‘ਚੋਂ ਬਾਹਰ ਨਿਕਲੇ ਲੋਕ ਬੜੇ ਚਾਵਾਂ ਨਾਲ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ ਮਨਾ ਰਹੇ ਹਨ। ਬਾਜ਼ਾਰਾਂ ਵਿੱਚ ਵਰ੍ਹਿਆਂ ਬਾਅਦ ਇੰਨੀ ਰੌਣਕ ਵੇਖਣ ਨੂੰ ਮਿਲੀ ਹੈ। ਇਸ ਵਾਰ ਦੁਕਾਨਦਾਰਾਂ ਦੀ ਚਾਂਦੀ ਲੱਗੀ ਹੋਈ ਹੈ ਅਤੇ ਉਹ ਪਿਛਲੇ ਦੋ ਸਾਲਾਂ ਦਾ ਘਾਟਾ ਪੂਰਾ ਕਰਨ ਦੀ ਤਾਂਘ ਵਿੱਚ ਹਨ। ਇਸ ਵਾਰ ਸੋਨੇ ਦੀ ਵਿਕਰੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇੱਕ ਹਫ਼ਤੇ ਦੌਰਾਨ ਮੁਲਕ ਵਿੱਚ 175 ਟਨ ਸੋਨਾ ਵਿਕਿਆ ਹੈ। ਚਾਂਦੀ ਦੀ ਵਿਕਰੀ ਵੀ ਪਿਛਲੇ ਸਾਲਾਂ ਨੂੰ ਮਾਤ ਪਾ ਗਈ ਹੈ। ਕਾਰਾਂ ਦੀ ਵਿਕਰੀ ਨੂੰ ਵੀ ਆਸ ਨਾਲੋਂ ਵੱਧ ਹੁੰਗਾਰਾ ਮਿਲਿਆ ਹੈ।

ਇਲੈੱਕਟ੍ਰਾਨਿਕਸ ਦਾ ਸਮਾਨ ਖਰੀਦ ਨੂੰ ਵੀ ਲੋਕਾਂ ਨੇ ਪਹਿਲ ਦਿੱਤੀ ਹੈ। ਐੱਲਈਡੀ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਸਮੇਤ ਹੋਰ ਕਈ ਤਰ੍ਹਾਂ ਦਾ ਸਮਾਨ ਵੀ ਲੋਕਾਂ ਨੇ ਦਿਲ ਖੋਲ੍ਹ ਕੇ ਖਰੀਦਿਆ ਹੈ। ਤੋਹਫਿਆਂ ਦਾ ਆਦਾਨ-ਪ੍ਰਦਾਨ ਤਾਂ ਕਈ ਦਿਨਾਂ ਤੋਂ ਚੱਲ ਰਿਹਾ ਹੈ। ਲੋਕਾਂ ਦੇ ਘਰ ਲਾਈਟਾਂ ਅਤੇ ਦੀਵਿਆਂ ਨਾਲ ਪੂਰੀ ਤਰ੍ਹਾਂ ਜਗਮਗਾ ਰਹੇ ਹਨ। ਉਂਝ ਆਮ ਲੋਕ ਮਹਿੰਗਾਈ ਦੀ ਮਾਰ ਅੰਦਰੋਂ ਦੀ ਮਹਿਸੂਸ ਤਾਂ ਕਰ ਰਹੇ ਹਨ ਪਰ ਫਿਰ ਵੀ ਆਪਣੇ ਚਾਅ ਪੂਰੇ ਕਰਨ ਲਈ ਦਿਲ ਖੋਲ੍ਹ ਕੇ ਖਰੀਦੋ ਫਰੋਖਤ ਕਰ ਰਹੇ ਹਨ।

ਇਸੇ ਦੌਰਾਨ ਪੀਜੀਆਈ ਨੇ ਲੋਕਾਂ ਨੂੰ ਸੁਰੱਖਿਅਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਹੈ। ਉਂਝ ਪੀਜੀਆਈ ਵੱਲੋਂ ਲੰਘੇ ਕੱਲ੍ਹ ਤੋਂ ਅਡਵਾਂਸ ਆਈ ਸੈਂਟਰ (Advance Eye Centre) ਵਿੱਚ ਦਿਨ ਰਾਤ ਦੀਆਂ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਪੀਜੀਆਈ ਦਾ ਐਡਵਾਂਸ ਆਈ ਸੈਂਟਰ ਉੱਤਰੀ ਭਾਰਤ ਦਾ ਸਭ ਤੋਂ ਆਧੁਨਿਕ ਧੁਰਾ ਹੈ, ਜਿੱਥੇ ਜੰਮੂ ਤੋਂ ਲੈ ਕੇ ਹਿਮਾਚਲ ਤੱਕ ਪਟਾਕਿਆਂ ਨਾਲ ਅੱਖਾਂ ਦੀ ਸੱਟ ਵਾਲੇ ਮਰੀਜ਼ ਹਰ ਸਾਲ ਇਲਾਜ ਲਈ ਆਉਂਦੇ ਹਨ।

Exit mobile version