ਪੰਜਾਬ ਵਿੱਚ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੀ ਸਿਲਸਿਲਾ ਲਗਾਤਾਰ ਜਾਰੀ ਹੈ। ਪਾਤੜਾਂ – ਸਮਾਣਾ ਦੇ ਪਿੰਡ ਸ਼ੁਤਰਾਣਾ ਦੇ ਇੱਕ ਕਿਸਾਨ ਨੇ ਆੜ੍ਹਤੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਆੜ੍ਹਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕਿਸਾਨ ਬਲਵਿੰਦਰ ਸਿੰਘ ਨੇ ਖਨੌਰੀ ਮੰਡੀ ਦੇ ਆੜ੍ਹਤੀ ਜਸਵੀਰ ਉਰਫ਼ ਮਿੱਡੂ ਕੋਲ ਪੰਜ ਟਰਾਲੀਆਂ ਬਾਸਮਤੀ ਮੁੱਛਲ ਦੀ ਫ਼ਸਲ ਵੇਚੀ ਸੀ, ਜਿਸ ਵਿੱਚ ਤਿੰਨ ਟਰਾਲੀਆਂ ਉਸ ਦੀਆਂ ਆਪਣੀਆਂ ਸਨ ਤੇ ਦੋ ਟਰਾਲੀਆਂ ਕਿਸੇ ਹੋਰ ਦੀਆਂ ਸਨ। 14 ਨਵੰਬਰ ਨੂੰ ਜਦੋਂ ਉਹ ਫ਼ਸਲ ਦੇ ਪੈਸੇ ਲੈਣ ਗਿਆ ਤਾਂ ਉਕਤ ਆੜ੍ਹਤੀ ਨੇ ਪੈਸੇ ਦੇਣ ਦੀ ਥਾਂ ਉਸ ਨੂੰ ਬੁਰਾ ਭਲਾ ਕਿਹਾ, ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਲਈ।
ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਟਿਆਲਾ ਹਸਪਤਾਲ ਲਿਆਂਦਾ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਆੜ੍ਹਤੀ ਜਸਵੀਰ ਉਰਫ਼ ਮਿੱਡੂ ਅਨਾਜ ਮੰਡੀ ਖਨੌਰੀ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ