ਅੰਮ੍ਰਿਤਸਰ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗਲਿਆਰੇ ਦੇ ਪਿੱਛੇ ਆਟਾ ਮੰਡੀ ਵਾਲੇ ਪਾਸੇ ਇੱਕ ਦੁਕਾਨ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਜੀ ਬੇਅਦਬੀ ਕੀਤੀ ਜਾ ਰਹੀ ਸੀ। ਦੁਕਾਨਦਾਰ ਨੇ ਕਾਫੀ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਇੱਕ ਬੋਰੀ ਵਿੱਚ ਬੰਨ੍ਹ ਕੇ ਰੱਖੀਆਂ ਹੋਈਆਂ ਸਨ ਅਤੇ ਉਸ ਦੀ ਕੋਈ ਸਾਂਭ ਸੰਭਾਲ ਨਹੀਂ ਕਰ ਰਿਹਾ ਸੀ। ਦੁਕਾਨ ਤੋਂ ਬ੍ਰਿਧ ਅਵਸਥਾ ’ਚ ਤੇ ਘੱਟੇ-ਮਿੱਟੀ ਨਾਲ ਭਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਪੋਥੀਆਂ ਤੇ ਹੋਰ ਵੀ ਕਈ ਪੋਥੀਆਂ ਬਰਾਮਦ ਹੋਈਆਂ ਹਨ।
ਜਦੋਂ ਸਿੱਖ ਜਥੇਬੰਦੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਆਪਣੇ ਕੁਝ ਸਿੰਘਾਂ ਤੇ ਪੁਲਿਸ ਪਾਰਟੀ ਨਾਲ ਲੈ ਕੇ ਦੁਕਾਨ ’ਤੇ ਪਹੁੰਚੇ ਅਤੇ ਦੁਕਾਨ ਦੀ ਪੂਰੀ ਤਰ੍ਹਾਂ ਜਾਂਚ ਕੀਤੀ। ਸਿੱਖ ਜਥੇਬੰਦੀਆਂ ਨੇ ਪੁਲਿਸ ਨੂੰ ਇਸ ਦੀ ਦਰਖ਼ਾਸਤ ਦਿੱਤੀ ਹੈ ਤੇ ਦੁਕਾਨਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਫਿਲਹਾਲ ਪੁਲਿਸ ਨੇ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ ਹੈ। ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸੇਵਾਦਾਰ ਤਰਲੋਚਨ ਸਿੰਘ ਸੋਹਲ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਦੇ ਬਿਲਕੁਲ ਨੇੜੇ ਇਹ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇਸ ’ਤੇ ਗ਼ੌਰ ਕਰਨ ਦੀ ਜ਼ਰੂਰਤ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਦੁਕਾਨ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਬੇਅਦਬੀ ਹੋ ਰਹੀ ਹੈ, ਜਿਸ ਤੋਂ ਬਾਅਦ ਅਸੀਂ ਮੌਕੇ ’ਤੇ ਪਹੁੰਚੇ ਤੇ ਦੁਕਾਨ ਦੇ ਮਾਲਕ ਨੂੰ ਬੁਲਾਇਆ। ਦੁਕਾਨ ਅੰਦਰ ਵੱਡੀ ਗਿਣਤੀ ਵਿੱਚ ਬ੍ਰਿਧ ਅਵਸਥਾ ਅਤੇ ਘੱਟੇ ਨਾਲ ਭਰੀਆਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਦੀ ਗਿਣਤੀ ਕੀਤੀ ਜਾ ਰਹੀ ਹੈ।