ਸਦਨ ਵਿੱਚ ਬੇਅਦਬੀ ਬਿੱਲ ‘ਤੇ ਵੀ ਬਹਿਸ ਸ਼ੁਰੂ ਹੋਈ, ਜਿਸ ਲਈ 2 ਘੰਟੇ ਦਾ ਸਮਾਂ ਨਿਰਧਾਰਤ ਕੀਤਾ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਇਸ ਮੁੱਦੇ ‘ਤੇ ਪੂਰੇ ਦਿਨ ਦੀ ਬਹਿਸ ਹੋਣੀ ਚਾਹੀਦੀ। ਸਪੀਕਰ ਨੇ ਭਰੋਸਾ ਦਿੱਤਾ ਕਿ ਲੋੜ ਮੁਤਾਬਕ ਸਮਾਂ ਵਧਾਇਆ ਜਾਵੇਗਾ। ਆਮ ਆਦਮੀ ਪਾਰਟੀ ਨੂੰ 1 ਘੰਟਾ 35 ਮਿੰਟ, ਅਕਾਲੀ ਦਲ ਨੂੰ 3 ਮਿੰਟ, ਭਾਜਪਾ ਨੂੰ 2 ਮਿੰਟ, ਬਸਪਾ ਨੂੰ 2 ਮਿੰਟ ਅਤੇ ਆਜ਼ਾਦ ਨੂੰ 2 ਮਿੰਟ ਦਿੱਤੇ ਗਏ, ਜਿਸ ਨੂੰ ਵਧਾਉਣ ਦਾ ਵਾਅਦਾ ਕੀਤਾ ਗਿਆ।
ਬਾਜਵਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 2015 ਦੀਆਂ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਰ 1144 ਦਿਨ ਅਤੇ 27,056 ਘੰਟੇ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ, ਜੋ ਕਾਂਗਰਸ ਸਰਕਾਰ ਵੇਲੇ ਸਰਬਸੰਮਤੀ ਨਾਲ ਪਾਸ ਹੋਈ ਸੀ।
ਬਾਜਵਾ ਨੇ ਸਵਾਲ ਉਠਾਇਆ ਕਿ ਸਰਕਾਰ ਨੇ ਇਸ ਮੁੱਦੇ ‘ਤੇ ਰਾਸ਼ਟਰਪਤੀ ਜਾਂ ਕੇਂਦਰ ਨਾਲ ਕੋਈ ਗੱਲਬਾਤ ਕੀਤੀ ਹੈ ਜਾਂ ਨਹੀਂ। ਉਨ੍ਹਾਂ ਨੇ 2025 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਚੋਰੀ ਹੋਣ ਅਤੇ ਬਰਗਾੜੀ ਬੇਅਦਬੀ ਘਟਨਾ ਦਾ ਜ਼ਿਕਰ ਕਰਦਿਆਂ ਸਰਕਾਰ ਦੀ ਕਾਰਵਾਈ ‘ਤੇ ਸਵਾਲ ਉਠਾਏ।
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਤਤਕਾਲੀ ਡੀਜੀਪੀ ਨੂੰ ਉੱਥੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਲਾਠੀਚਾਰਜ ਹੋਇਆ, ਜਿਸ ਵਿੱਚ ਦੋ ਸਿੰਘ ਸ਼ਹੀਦ ਹੋ ਗਏ। ਇਸ ਤੋਂ ਬਾਅਦ ਇਹ ਮਾਮਲਾ ਫਰੀਦਕੋਟ ਅਦਾਲਤ ਵਿੱਚ ਚੱਲਦਾ ਰਿਹਾ। ਪਰ ਇੱਕ ਮਾਮਲੇ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੇਸ ਨੂੰ ਤਬਦੀਲ ਕਰਨ ਦੀ ਮੰਗ ਕੀਤੀ। ਇਸ ਤੋਂ ਬਾਅਦ ਕੇਸ ਚੰਡੀਗੜ੍ਹ ਤਬਦੀਲ ਹੋ ਗਿਆ।
ਬਾਜਵਾ ਨੇ ਕਿਹਾ ਕਿ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਮੰਨਿਆ ਗਿਆ ਸੀ, ਉਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਸੀ। ਬਹਿਬਲ ਕਲਾਂ ਗੋਲੀਬਾਰੀ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਇੱਕ ਮਾਮਲੇ ਵਿੱਚ ਹੈ। ਜਦੋਂ ਕਿ ਦੂਜੇ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀ ਸਰਕਾਰ ਵਿੱਚ ਸਨ। ਇਸ ਲਈ ਦੋਵਾਂ ਲਈ ਆਦੇਸ਼ ਦਿੱਤੇ ਗਏ ਹਨ।
ਬਾਜਵਾ ਨੇ ਕਿਹਾ ਕਿ ਸਰਕਾਰ ਬਣੇ ਸਾਢੇ ਤਿੰਨ ਸਾਲ ਹੋ ਗਏ ਹਨ। ਪਰ ‘ਆਪ’ ਨੇ ਬੇਅਦਬੀ ਦਾ ਮੁੱਦਾ ਉਠਾਉਣ ਵਾਲੇ ਕੁੰਵਰ ਪ੍ਰਤਾਪ ਸਿੰਘ ਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ। ਹਾਲਾਂਕਿ, ਸਪੀਕਰ ਨੇ ਕਿਹਾ ਕਿ ਮੈਂ ਪੂਰਾ ਸਮਾਂ ਦਿੱਤਾ ਹੈ। ਅੱਜ ਬਾਦਲ ਵੀ ਸਦਨ ਤੋਂ ਬਾਹਰ ਹਨ ਅਤੇ ਕੁੰਵਰ ਪ੍ਰਤਾਪ ਸਿੰਘ ਵੀ ਬਾਹਰ ਹਨ। ਇਹ ਕੋਈ ਸਮਝੌਤਾ ਨਹੀਂ ਹੈ। ਚਾਰ ਏਜੀ ਨਿਯੁਕਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਏਜੀ ਅਜਿਹੇ ਹਨ ਜਿਨ੍ਹਾਂ ਨੇ ਮੁਲਜ਼ਮਾਂ ਦਾ ਬਚਾਅ ਕੀਤਾ ਹੈ।
ਬਹਿਸ ‘ਤੇ ਬੋਲਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਬਿੱਲ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਗ੍ਰੰਥ ਚੋਰੀ ਹੋ ਜਾਂਦਾ ਹੈ ਤਾਂ ਇਸ ਸਬੰਧੀ ਧਾਰਾ ਵੀ ਇਸ ਬਿੱਲ ‘ਚ ਜੋੜੀ ਜਾਵੇ। ਇਸ ਦੇ ਨਾਲ ਹੀ ਜਾਂਚ ਦਾ ਸਮਾਂ ਵੀ 30 ਦਿਨਾਂ ਦਾ ਤੈਅ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਵੀ ਜੇਕਰ ਜਾਂਚ ਮੁਕੰਮਲ ਨਹੀਂ ਹੋਈ ਡੀ. ਜੀ. ਪੀ. ਨੂੰ ਇਸ ਦੀ ਗੰਭੀਰਤਾ ਪਤਾ ਹੋਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੱਥੇ ਵੀ ਜਾਂਚ ਗਲਤ ਪਾਈ ਜਾਵੇ ਤਾਂ ਉਸ ਅਧਿਕਾਰੀ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ। ਕੋਈ ਵੀ ਧਾਰਮਿਕ ਧਰਨਾ ਕਿਤੇ ਵੀ ਹੋਵੇ, ਉੱਥੇ ਅਸਲ ਗੋਲੀਆਂ ਨਹੀਂ ਚੱਲਣੀਆਂ ਚਾਹੀਦੀਆਂ।