The Khalas Tv Blog India ਅੰਗਰੇਜ਼ਾਂ ਦੇ ਲਾਲ ਡੋਰੇ ਦੀ ਚੰਡੀਗੜ੍ਹ ਪਿੱਛੋਂ ਪੰਜਾਬ ‘ਚ ਛਿੜੀ ਚਰਚਾ
India Punjab

ਅੰਗਰੇਜ਼ਾਂ ਦੇ ਲਾਲ ਡੋਰੇ ਦੀ ਚੰਡੀਗੜ੍ਹ ਪਿੱਛੋਂ ਪੰਜਾਬ ‘ਚ ਛਿੜੀ ਚਰਚਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲਾਲ ਡੋਰਾ ਦਾ ਨਾਂ ਚੰਡੀਗੜ੍ਹ ਦੇ ਨਾਲ ਦਹਾਕਿਆਂ ਤੋਂ ਜੁੜਿਆ ਆ ਰਿਹਾ ਹੈ। ਕਦੇ ਪ੍ਰਸ਼ਾਸਨ ਵੱਲੋਂ ਲਾਲ ਡੋਰੇ ਤੋਂ ਬਾਹਰਲੇ ਮਕਾਨਾਂ ‘ਤੇ ਬੁਲਡੋਜ਼ਰ ਚੜ੍ਹਾ ਦੇਣ ਕਰੇ ਅਤੇ ਕਦੇ ਘਰਾਂ ਨੂੰ ਬਚਾਉਣ ਲਈ ਪਿੰਡ ਵਾਸੀਆਂ ਵੱਲੋਂ ਸਰਕਾਰ ਅੱਗੇ ਘਰ ਬਚਾਉਣ ਲਈ ਕੱਢੇ ਜਾਂਦੇ ਤਰਲਿਆਂ ਕਰਕੇ। ਚੰਡੀਗੜ੍ਹ ਵਿੱਚ ਇਹ ਖੇਡ ਅਜੇ ਮੁੱਕੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਲ ਡੋਰੇ ਅੰਦਰਲੇ ਘਰਾਂ ਦੇ ਮਾਲਕਾਂ ਨੂੰ ਮਾਲਕਾਨਾ ਹੱਕ ਦੇਣ ਨਾਲ ਇੱਥੇ ਵੀ ਇਹ ਸ਼ਬਦ ਚਰਚਿਤ ਹੋਣ ਲੱਗਾ ਹੈ। ਅੰਗਰੇਜ਼ਾਂ ਨੇ 1908 ਵਿੱਚ ਪਿੰਡਾਂ ਦੇ ਬਾਹਰਵਾਰ ਇੱਕ ਲਾਲ ਲਕੀਰ ਫੇਰ ਦਿੱਤੀ ਸੀ ਜਿਸਦਾ ਨਾਂ ਲਾਲ ਡੋਰਾ ਪੈ ਗਿਆ। ਅੰਗਰੇਜ਼ਾਂ ਦਾ ਮਤਲਬ ਲਾਲ ਡੋਰੇ ਤੋਂ ਬਾਹਰ ਪੈਂਦੀ ਜ਼ਮੀਨ ਤੋਂ ਆ ਰਹੇ ਮਾਲੀਆ ਦਾ ਹਿਸਾਬ-ਕਿਤਾਬ ਰੱਖਣਾ ਸੀ। ਅੰਗਰੇਜ਼ ਚਲੇ ਗਏ ਪਰ ਲਾਲ ਡੋਰਾ ਛੱਡ ਗਏ।

ਲਾਲ ਡੋਰੇ ਤੋਂ ਬਾਹਰਲੀ ਜ਼ਮੀਨ ਪਹਿਲਾਂ ਤੋਂ ਹੀ ਰਜਿਸਟਰਡ ਹੁੰਦੀ ਆ ਰਹੀ ਸੀ ਜਦਕਿ ਲਾਲ ਡੋਰੇ ਤੋਂ ਅੰਦਰਲੇ ਘਰਾਂ ‘ਤੇ ਕਬਜ਼ਾ ਰੱਖਣ ਵਾਲਾ ਮਾਲਕ ਮੰਨਿਆ ਜਾਂਦਾ। ਹੁਣ ਮੁੱਖ ਮੰਤਰੀ ਚੰਨੀ ਨੇ ਮੇਰਾ ਘਰ ਮੇਰੇ ਨਾਮ ਹੇਠ ਪਲਾਟ ਦੇ ਮਾਲਕਾਨਾ ਹੱਕ ਦਿੱਤੇ ਹਨ ਅਤੇ ਇਹ ਮਾਲਕ ਦੇ ਨਾਂ ਵੀ ਬੋਲਣ ਲੱਗੇਗਾ। ਪਲਾਟ ਦਾ ਮਾਲਕ ਬੈਂਕਾਂ ਤੋਂ ਕਰਜ਼ਾ ਲੈਣ ਦਾ ਹੱਕਦਾਰ ਵੀ ਹੋ ਗਿਆ ਹੈ। ਉਂਝ, ਇਹ ਸਹੂਲਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਫਰਵਰੀ 2021 ਵਿੱਚ ਲਾਲ ਡੋਰਾ ਸਕੀਮ ਦੇ ਤਹਿਤ ਪਹਿਲਾਂ ਹੀ ਦੇ ਚੁੱਕੇ ਹਨ। ਇਹ ਫੈਸਲਾ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਲਾਗੂ ਹੋਵੇਗਾ। ਕੈਪਟਨ ਅਮਰਿੰਦਰ ਦੇ ਫੈਸਲੇ ਨੂੰ ਮੁੜ ਤੋਂ ਲਾਗੂ ਕਰਨ ਦੇ ਨਾਲ ਹੀ ਚੰਨੀ ਨੂੰ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ ਵਿੱਚ ਪਾ ਕੇ ਵੇਚਣ ਵਾਲੇ ਵਪਾਰੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ।

Exit mobile version