‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਤੋਂ ਗੋਆ ਲਈ ਹੁਣ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ। ਗੋ ਇੰਡੀਗੋ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਸਿੱਧੀ ਉਡਾਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਵਾਂ ਸ਼ਹਿਰਾਂ ਵਿਚਾਲੇ 10 ਨਵੰਬਰ ਤੋਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ, ਜਿਸ ਦੀ ਬੁਕਿੰਗ ਵੀ ਗੋ ਇੰਡੀਗੋ ਨੇ ਆਪਣੀ ਵੈੱਬਸਾਈਟ ‘ਤੇ ਸ਼ੁਰੂ ਕਰ ਦਿੱਤੀ ਹੈ। ਇਸ ਦੀ ਟਿਕਟ 4 ਹਜ਼ਾਰ 600 ਰੁਪਏ ਰੱਖੀ ਗਈ ਹੈ। ਹੁਣ ਸਿਰਫ ਤਿੰਨ ਘੰਟੇ ਵਿੱਚ ਅੰਮ੍ਰਿਤਸਰ ਤੋਂ ਗੋਆ ਜਾਇਆ ਜਾ ਸਕੇਗਾ।
ਜਾਣਕਾਰੀ ਮੁਤਾਬਕ ਗੋ ਇੰਡੀਗੋ ਦੀ ਫਲਾਈਟ ਨੰਬਰ 6E-6064 ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਤ 10.30 ਵਜੇ ਉਡਾਣ ਭਰੇਗੀ। ਤਿੰਨ ਘੰਟੇ ਬਾਅਦ ਇਹ ਫਲਾਈਟ ਗੋਆ ਦੇ ਦਾਬੋਲਿਮ ਏਅਰਪੋਰਟ ‘ਤੇ ਰਾਤ 1.35 ਵਜੇ ਲੈਂਡ ਕਰੇਗੀ। ਗੋਆ ਤੋਂ ਵੀ ਇਹ ਫਲਾਈਟ ਰਾਤ ਨੂੰ ਹੀ ਚੱਲ ਰਹੀ ਹੈ। ਇਹ ਉਡਾਣ ਗੋਆ ਤੋਂ ਰਾਤ 12.05 ਵਜੇ ਟੇਕਆਫ ਕਰੇਗੀ ਅਤੇ ਰਾਤ 3.10 ਵਜੇ ਅੰਮ੍ਰਿਤਸਰ ਲੈਂਡ ਕਰੇਗੀ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਨੇ ਜਾਣਕਾਰੀ ਦਿੱਤੀ ਹੈ ਕਿ ਗੋਆ ਏਅਰਪੋਰਟ ਦੇ ਸਲਾਟ ਵਿੱਚ ਮੁਸ਼ਕਲ ਕਾਰਨ ਇਹ ਫਲਾਈਟ ਰਾਤ ਦੇ ਸਮੇਂ ਚਲਾਈ ਜਾ ਰਹੀ ਹੈ।