ਗੁਰਦਾਸਪੁਰ : ਦੀਨਾਨਗਰ ਇਲਾਕੇ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਦੇ ਕਰਿੰਦਿਆਂ ਤੇ ਇੱਕ ਵਾਰ ਫਿਰ ਗੁੰਡਾਗਰਦੀ ਅਤੇ ਇੱਕ ਘਰ ਵਿੱਚ ਵੜ ਕੇ ਔਰਤ ਨਾਲ ਬਦਸਲੂਕੀ ਕਰਨ ਅਤੇ ਉਸਦੇ ਕੱਪੜੇ ਫਾੜਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਨੇ ਸ਼ਰਾਬ ਠੇਕੇਦਾਰਾ ਦੇ 3 ਕਰਿੰਦਿਆਂ ਤੇ ਨਾਮ ਸਮੇਤ ਅਤੇ 9_10 ਅਣਪਛਾਤਿਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਦੀਨਾਨਗਰ ਦੇ ਇਕ ਇਲਾਕੇ ਵਿਚ ਇਕ ਘਰ ਬਿਨਾ ਵਾਰੰਟ ਦੇ ਤਲਾਸ਼ੀ ਲੈਣ ਲਈ ਗਏ ਸਨ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾਲ ਆਬਕਾਰੀ ਵਿਭਾਗ ਦੇ ਪੁਲਿਸ ਮੁਲਾਜਮ ਵੀ ਸਨ ਪਰ ਕਿਹਾ ਜਾ ਰਿਹਾ ਹੈ ਕਿ ਕਰਿੰਦੇ ਅੱਗੇ ਸਨ ਅਤੇ ਪੁਲਸ ਮੁਲਾਜ਼ਮ ਪਿੱਛੇ। ਜਿਸ ਘਰ ਵਿੱਚ ਉਨ੍ਹਾਂ ਨੇ ਰੇਡ ਕੀਤੀ ਉਸ ਘਰ ਦੇ ਮਾਲਕ ਖਿਲਾਫ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਵੇਚਣ ਦੇ ਦੋਸ਼ ਹੇਠ ਮਾਮਲਾ ਦਰਜ਼ ਹੈ ਅਤੇ ਉਸ ਪਾਸੋਂ ਤਿੰਨ ਸ਼ਰਾਬ ਦੀਆਂ ਪੇਟੀਆਂ ਵੀ ਬਰਾਮਦ ਹੋਈਆਂ ਸਨ।
ਰੇਡ ਦੌਰਾਨ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਘਰ ਦੀ ਔਰਤ ਨਾਲ਼ ਗਾਲੀ ਗਲੋਚ ਅੱਤੇ ਹੱਥੋਪਾਈ ਕੀਤੀ ਗਈ ਅਤੇ ਉਸਦੇ ਕੱਪੜੇ ਪਾੜ ਦਿੱਤੇ ਗਏ ਮੁੱਹਲੇ ਵਾਲਿਆਂ ਅਤੇ ਪਰੀਵਾਰਕ ਮੈਂਬਰਾਂ ਨੇ ਗੁੰਡਾਗਰਦੀ ਕਰ ਰਹੇ ਕੁੱਝ ਕਰਿੰਦਿਆਂ ਨੂੰ ਕਾਬੂ ਕਰ ਲਿਆ ਤੇ ਪੁਲੀਸ ਦੇ ਹਵਾਲੇ ਕਰ ਦਿੱਤਾ।
ਜਦ ਮਾਮਲੇ ਬਾਰੇ ਦੀਨਾਨਗਰ ਥਾਣੇ ਦੇ ਐਸ ਐਚ ਓ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਠੇਕੇਦਾਰਾਂ ਦੇ ਕਰਿੰਦੇ ਆਬਕਾਰੀ ਵਿਭਾਗ ਦੇ ਪੁਲਿਸ ਮੁਲਾਜ਼ਮਾਂ ਨਾਲ ਨਜਾਇਜ਼ ਸ਼ਰਾਬ ਦੀ ਸੂਚਨਾ ਮਿਲਣ ਤੇ ਇੱਕ ਘਰ ਵਿੱਚ ਰੇਡ ਕਰਨ ਗਏ ਸੀ ਇਸ ਵਿਅਕਤੀ ਤੇ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਹੇਠ ਮਾਮਲਾ ਦਰਜ ਹੈ ਪਰ ਘਰ ਦੀ ਔਰਤ ਨਾਲ ਬਦਸਲੂਕੀ ਕਰਨ ਦੇ ਠੇਕੇਦਾਰਾਂ ਦੇ ਕਰਿੰਦਿਆਂ ਤੇ ਇਲਜ਼ਾਮ ਲੱਗੇ ਹਨ।
ਔਰਤ ਦੀ ਸ਼ਿਕਾਇਤ ਅਨੁਸਾਰ ਉਸਦੀ ਸੱਸ ਅਤੇ ਲੜਕਾ ਘਰ ਵਿੱਚ ਸੀ। ਠੇਕੇਦਾਰਾਂ ਦੇ ਕਰਿੰਦੇ ਧੱਕੇ ਨਾਲ ਘਰ ਵਿੱਚ ਦਾਖਲ ਹੋਏ ਅਤੇ ਘਰ ਦੀ ਫਰੋਲੋ ਫਰਾਲੀ ਕਰਨ ਲੱਗ ਪਏ ਜਦ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਉਸ ਦੇ ਹੱਥੀਂ ਪੈ ਗਏ ਅਤੇ ਉਸ ਦੀ ਕਮੀਜ ਫੜ ਕੇ ਫਾੜ ਦਿੱਤੀ ।
ਦੀਨਾਨਗਰ ਥਾਣੇ ਵਿਚ ਔਰਤ ਦੀ ਸ਼ਿਕਾਇਤ ਤੇ ਸਵਤੰਤਰ ਰਾਏ ਭੰਡਾਰੀ ਪੁੱਤਰ ਇੰਦਰਜੀਤ ਰਾਏ ਥਾਣਾ ਸਦਰ ਪਠਾਨਕੋਟ, ਦਲਜੀਤ ਸਿੰਘ ਢਪਈ, ਸੁਰਜੀਤ ਸਿੰਘ ਬਾਜਵਾ ਅਤੇ 9/10 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਵਿੱਚ ਇੱਕ ਸੁਤੰਤਰ ਭੰਡਾਰੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਹਥੋ ਪਾਈ ਠੇਕੇਦਾਰਾਂ ਦੇ ਕਰਿੰਦਿਆਂ ਅਤੇ ਪੀੜਤ ਔਰਤ ਦਰਮਿਆਨ ਹੋਈ ਸੀ। ਆਬਕਾਰੀ ਵਿਭਾਗ ਦੇ ਪੁਲਿਸ ਮੁਲਾਜਮ ਤਾਂ ਪਿੱਛੇ ਹੀ ਰਹਿ ਗਏ ਸਨ। ਇਹ ਪੁੱਛੇ ਜਾਣ ਤੇ ਕਿ ਘਰ ਵਿਚੋਂ ਕੋਈ ਬਰਾਮਦਗੀ ਹੋਈ ਉਨ੍ਹਾਂ ਨੇ ਕਿਹਾ ਕਿ ਘਰ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਹੀ ਇਹ ਸਾਰਾ ਵਾਕਿਆ ਵਾਪਰ ਗਿਆ।