ਜਰਮਨੀ : ਰਤਨ ਟਾਟਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦਿਲਜੀਤ ਦੋਸਾਂਝ ਨੇ ਚੱਲਦੇ ਸ਼ੋਅ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦਿਲਜੀਤ ਦੋਸਾਂਝ ਨੇ ਕਿਹਾ ਕਿ ਰਤਨ ਟਾਟਾ ਨੇ ਆਪਣੀ ਜ਼ਿੰਦਗੀ ’ਚ ਸਖ਼ਤ ਮਿਹਨਤ ਕੀਤੀ। ਅਸੀਂ ਕਦੇ ਨਹੀਂ ਸੁਣਿਆ ਕਿ ਉਨ੍ਹਾਂ ਨੇ ਕਿਸੇ ਨੂੰ ਬੁਰਾ ਜਾਂ ਮਾੜਾ ਬੋਲਿਆ ਹੋਵੇ। ਅੱਜ ਅਸੀਂ ਉਨ੍ਹਾਂ ਤੋਂ ਇਹੀ ਸਿੱਖ ਸਕਦੇ ਹਾਂ ਕਿ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰੋ ਤੇ ਹਮੇਸ਼ਾ ਚੰਗਾ ਸੋਚੋ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਜਦੋਂ ਬੁੱਧਵਾਰ ਨੂੰ ਰਤਨ ਟਾਟਾ ਦੇ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ ਤਾਂ ਉਹ ਜਰਮਨੀ ਦੇ ਡੂਸੇਲਡੌਫ਼ ਵਿਚ ਆਪਣਾ ਸੰਗੀਤਕ ਸ਼ੋਅ ਕਰ ਰਹੇ ਸਨ ਅਤੇ ਉਨ੍ਹਾਂ ਇਹ ਖ਼ਬਰ ਸੁਣਦਿਆਂ ਹੀ ਟਾਟਾ ਨੂੰ ਸ਼ਰਧਾਂਜਲੀ ਦੇਣ ਲਈ ਆਪਣਾ ਕਨਸਰਟ (ਸ਼ੋਅ) ਰੋਕ ਦਿੱਤਾ। ਉਨ੍ਹਾਂ ਨੇ ਟਾਟਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਜ਼ਿੰਦਗੀ ਹੈ। ਇਹੋ ਉਹ ਜ਼ਿੰਦਗੀ ਹੈ, ਜਿਹੋ ਜਿਹੀ ਹਰ ਕਿਸੇ ਦੀ ਹੋਣੀ ਚਾਹੀਦੀ ਹੈ।
ਗ਼ੌਰਤਲਬ ਹੈ ਕਿ ਦਿਲਜੀਤ ਇਨ੍ਹੀਂ ਦਿਨੀਂ ਆਪਣੇ ‘ਦਿਲ-ਲੂਮਿਨਾਤੀ ਟੂਰ’ (Dil-Luminati Tour) ਤਹਿਤ ਯੂਰਪ ਭਰ ਵਿਚ ਸ਼ੋਅ ਕਰ ਰਹੇ ਹਨ। ਇਸ ਸਬੰਧੀ ਸਮਾਗਮ ਦੀ ਇਕ ਵਾਇਰਲ ਹੋਈ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਦਿਲਜੀਤ ਦੋਸਾਂਝ ਆਪਣਾ ਕਨਸਰਟ ਰੋਕ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਟਾਟਾ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ, ਪਰ ਆਪਣੀ ਜ਼ਿੰਦਗੀ ਉਤੇ ਟਾਟਾ ਦਾ ਪ੍ਰਭਾਵ ਉਹ ਮਹਿਸੂਸ ਕਰ ਸਕਦੇ ਹਨ।
ਇੰਸਟਾਗ੍ਰਾਮ ਉਤੇ ਦਿਲਜੀਤ ਦੀ ਟੀਮ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿਚ ਦਿਲਜੀਤ ਨੇ ਪੰਜਾਬੀ ਵਿਚ ਕਿਹਾ, ‘‘ਰਤਨ ਟਾਟਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ। ਉਨ੍ਹਾਂ ਦਾ ਦੇਹਾਂਤ ਹੋਇਆ ਹੈ, ਸਾਡੇ ਵੱਲੋਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ।’’
ਉਨ੍ਹਾਂ ਹੋਰ ਕਿਹਾ, ‘‘ਅੱਜ ਉਨ੍ਹਾਂ ਦਾ ਨਾਂ ਲੈਣਾ ਇਸ ਕਾਰਨ ਜ਼ਰੂਰੀ ਹੈ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਬਹੁਤ ਮਿਹਨਤੀ ਕੀਤੀ। ਮੈਂ ਅੱਜ ਤੱਕ ਉਨ੍ਹਾਂ ਬਾਰੇ ਜਿੰਨਾ ਵੀ ਪੜ੍ਹਿਆ-ਸੁਣਿਆ, ਮੈਂ ਕਦੇ ਨਹੀਂ ਦੇਖਿਆ ਕਿ ਉਨ੍ਹਾਂ ਕਿਸੇ ਬਾਰੇ ਕੁਝ ਬੁਰਾ ਬੋਲਿਆ ਹੋਵੇ। ਉਨ੍ਹਾਂ ਹਮੇਸ਼ਾ ਮਿਹਨਤ ਕੀਤੀ, ਕਿਸੇ ਦੇ ਕੰਮ ਆਏ। ਅਸੀਂ ਉਨ੍ਹਾਂ ਤੋਂ ਇਹੋ ਸਿੱਖ ਸਕਦੇ ਹਾਂ ਕਿ ਮਿਹਨਤ ਕਰੋ, ਚੰਗਾ ਸੋਚੋ, ਕਿਸੇ ਦੇ ਕੰਮ ਆਓ।… ਉਹ ਆਪਣੀ ਬੇਦਾਗ਼ ਜ਼ਿੰਦਗੀ ਜੀਅ ਕੇ ਗਏ ਹਨ।’’