ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਡੀਆਈਜੀ ਰੋਪੜ ਰੇਂਜ ਦੇ ਆਈਪੀਐਸ ਹਰਚਰਨ ਸਿੰਘ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਹੋਣ ਦੀ ਸੰਭਾਵਨਾ ਹੈ। ਈਡੀ ਵੀ ਜਲਦ ਸ਼ਾਮਲ ਹੋ ਸਕਦੀ ਹੈ। ਸੀਬੀਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਤੋਂ ਲਗਭਗ 50 ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ, ਜਿਨ੍ਹਾਂ ਵਿੱਚ ਕਈ ਬੇਨਾਮੀ ਜਾਇਦਾਦਾਂ ਸ਼ਾਮਲ ਹਨ।
ਭੁੱਲਰ ਨੇ ਆਪਣੀਆਂ ਆਮਦਨ ਟੈਕਸ ਰਿਟਰਨਾਂ ਵਿੱਚ ₹18 ਕਰੋੜ ਦੀ ਜਾਇਦਾਦ ਦਾ ਦਾਅਵਾ ਕੀਤਾ ਸੀ, ਪਰ ਸੀਬੀਆਈ ਇਨ੍ਹਾਂ ਦਸਤਾਵੇਜ਼ਾਂ ਦੀ ਐਲਾਨੀ ਜਾਇਦਾਦ ਨਾਲ ਤੁਲਨਾ ਕਰ ਰਹੀ ਹੈ। ਜੇਕਰ ਬੇਨਿਯਮੀਆਂ ਮਿਲੀਆਂ ਤਾਂ ਅਪਰਾਧਿਕ ਮਾਮਲਾ ਦਰਜ ਹੋਵੇਗਾ। ਬਰਾਮਦਗੀ ਵਿੱਚ ₹7.5 ਕਰੋੜ ਨਕਦ, 2.5 ਕਿਲੋ ਸੋਨਾ, 24 ਮਹਿੰਗੀਆਂ ਘੜੀਆਂ ਤੇ ਫਾਰਮ ਹਾਊਸ ਨਾਲ ਜੁੜੇ ਦਸਤਾਵੇਜ਼ ਸ਼ਾਮਲ ਹਨ। ਫਾਰਮ ਹਾਊਸ ਤੇ ਘਰ ਤੋਂ ਸ਼ਰਾਬ ਮਿਲਣ ‘ਤੇ ਆਬਕਾਰੀ ਐਕਟ ਤਹਿਤ ਵੱਖਰਾ ਮਾਮਲਾ ਦਰਜ ਹੈ।
1 ਜਨਵਰੀ 2025 ਨੂੰ ਦਾਇਰ ਆਮਦਨ ਟੈਕਸ ਰਿਟਰਨ ਮੁਤਾਬਕ, ਭੁੱਲਰ ਦੀ ਮੂਲ ਤਨਖਾਹ ₹2,16,600 ਮਹੀਨਾ ਹੈ। 58% ਮਹਿੰਗਾਈ ਭੱਤੇ ਨਾਲ ਇਹ ₹3.20 ਲੱਖ ਮਹੀਨਾ ਬਣਦੀ ਹੈ। 30% ਟੈਕਸ ਕਟੌਤੀ ਬਾਅਦ ਸਾਲਾਨਾ ਤਨਖਾਹ ₹27 ਲੱਖ ਤੇ ਹੋਰ ਸਰੋਤਾਂ ਤੋਂ ₹11.44 ਲੱਖ ਮਿਲਾ ਕੇ ਕੁੱਲ ਸਾਲਾਨਾ ਆਮਦਨ ₹38.44 ਲੱਖ ਹੈ। ਇਸ ਦੇ ਮੁਕਾਬਲੇ ਵਿਸ਼ਾਲ ਜਾਇਦਾਦ ਤੇ ਨਕਦੀ ਨੇ ਸ਼ੱਕ ਪੈਦਾ ਕੀਤਾ ਹੈ।