ਸਟੂਡੈਂਟ ਯੂਨੀਅਨ ਲਲਕਾਰ
ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਦੇ ਬਜਟ ਸ਼ੈਸ਼ਨ ਵਿੱਚ ਐਲਾਨ ਕੀਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲਣ ਲਈ ਇਸ ਸਾਲ 200 ਕਰੋੜ ਰੁਪਏ ਦਿੱਤੇ ਜਾਣਗੇ।ਇਸ ਐਲਾਨ ‘ਤੇ ਸਟੂਡੈਂਟ ਯੂਨੀਅਨ ਲਲਕਾਰ ਜਥੇਬੰਦੀ ਨੇ ਨਾਖੁਸ਼ੀ ਜ਼ਾਹਿਰ ਕੀਤੀ ਹੈ ਤੇ ਇਸ ਸਹਾਇਤਾ ਨੂੰ ਨਿਗੁਣਾ ਦੱਸਿਆ ਹੈ।ਜਥੇਬੰਦੀ ਦੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਪਾਈ ਗਈ ਪੋਸਟ ਵਿੱਚ ਪੰਜਾਬ ਸਰਕਾਰ ਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ ।ਇਸ ਪੋਸਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਖਰਚਿਆਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ
ਵੱਲੋਂ ਦਿੱਤੀ ਗਈ ਮਦਦ ਯੂਨੀਵਰਸਿਟੀ ਦੇ ਖਰਚਿਆਂ ਨੂੰ ਪੂਰੀ ਕਰਨ ਲਈ ਕਾਫ਼ੀ ਨਹੀਂ ਹੈ। ਇਸ ਤੋਂ ਇਲਾਵਾ ਸਰਕਾਰ ‘ਤੋਂ ਇਹ ਵੀ ਮੰਗ ਸੀ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਗ੍ਰਾਂਟ ਨਾ ਵਧਾਏ ਜਾਣ ਕਾਰਨ ਦੀ ਮਜ਼ਬੂਰੀ ‘ਚ ਲਿਆ ਗਿਆ 150 ਕਰੋੜ ਦਾ ਕਰਜ਼ਾ ਮਾਫ਼ ਕੀਤਾ ਜਾਵੇ ਪਰ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ ਹੈ ।
ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਵਿਰੋਧੀ ਦਸਿਆ ਹੈ ਤੇ ਇਹ ਦਾਅਵਾ ਕੀਤਾ ਹੈ ਕਿ ਸਰਕਾਰ ਜਨਤਾ ਵਾਸਤੇ ਕੋਈ ਨਵੀਂ ਸਕੀਮ ਨਹੀਂ ਲਿਆਈ ਹੈ,ਸਗੋਂ ਇਹ ਸਾਰੇ ਕੰਮ ਪਿਛਲੀਆਂ ਸਰਕਾਰਾਂ ਨੇ ਕੀਤਾ ਹੋਇਆ ਹੈ।ਇਥੋਂ ਤੱਕ ਕਿ ਸਰਕਾਰ ਨੇ ਜਿਹੜੇ ਨਵੇਂ ਬੱਸ ਅਡਿਆਂ ਦੀ ਗੱਲ ਕੀਤੀ ਹੈ,ਇਹਨਾਂ ਦੇ ਟੈਂਡਰ ਵੀ ਸਾਡੀ ਸਰਕਾਰ ਵੇਲੇ ਪਾਸ ਹੋਏ ਸਨ।
ਉਹਨਾਂ ਇਹ ਵੀ ਕਿਹਾ ਹੈ ਕਿ ਇਹ ਆਮ ਜਨਤਾ ਦਾ ਬਜਟ ਤਾਂ ਲੱਗਦਾ ਹੀ ਨਹੀਂ ਹੈ ਤੇ ਨਾ ਹੀ ਲੋਕਾਂ ਦੀਆਂ ਜੋ ਉਮੀਦਾਂ ਹਨ,ਉਹਦੇ ‘ਤੇ ਸਰਕਾਰ ਪੂਰੀ ਉਤਰੀ ਹੈ। ਇਹਨਾਂ 1000 ਰੁਪਏ ਮਹਿਲਾਵਾਂ ਨੂੰ ਦੇਣ ਦਾ ਐਲਾਨ ਕੀਤਾ ਸੀ ਪਰ ਪੇਸ਼ ਕੀਤੇ ਗਏ ਬਜਟ ਦੌਰਾਨ ਇਸ ਦਾ ਕੋਈ ਜਿਕਰ ਨਹੀਂ ਹੋਇਆ ਹੈ।
ਮਨੀਸ਼ ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਉਹਨਾਂ ਇਸ ਨੂੰ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਬਜਟ ਦੱਸਿਆ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਖੇਤਰ ਦਾ ਧਿਆਨ ਰੱਖ ਕੇ ਇਹ ਬਜਟ ਬਣਾਇਆ ਗਿਆ ਹੈ। ਸਿਹਤ,ਸਿੱਖਿਆ,ਕਿਸਾਨੀ ਤੇ ਅਤੇ ਵਪਾਰ ਵੱਲ ਵੀ ਸਰਕਾਰ ਨੇ ਧਿਆਨ ਦਿੱਤਾ ਹੈ।ਵਿਰੋਧੀ ਪਾਰਟੀਆਂ ਨੇ ਆਪੋ-ਆਪਣੇ ਰਾਜਕਾਲ ਵਿੱਚ ਪੰਜਾਬ ਦੀ ਆਰਥਿਕਤਾ ਦਾ ਘਾਣ ਕੀਤਾ ਹੈ। ਸਾਡੇ ਇਰਾਦੇ ਪੰਜਾਬ ਦੀ ਆਰਥਿਕਤਾ ਨੂੰ ਮੁੱੜ ਲੀਹਾਂ ‘ਤੇ ਲੈ ਕੇ ਆਉਣ ਦੇ ਹਨ।
ਪੰਜਾਬ ਵਿੱਚ ਮਹਿਲਾਵਾਂ ਨੂੰ 1000 ਰੁਪਏ ਜਾਰੀ ਕਰਨ ਦੇ ਸਵਾਲ ‘ਤੇ ਉਹਨਾਂ ਕਿਹਾ ਕਿ ਇਹ ਸਕੀਮ ਵੀ ਜਲਦੀ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਉਹਨਾਂ ਆਪਣੇ ਟਵੀਟ ਵਿੱਚ ਵੀ ਇਸ ਬਜਟ ਦੀ ਤਾਰੀਫ ਕੀਤੀ ਹੈ।ਉਹਨਾਂ ਲਿਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਹਿਲੇ ਬਜਟ ਵਿੱਚ ਪੈਸੇ ਦੀ ਸਾਰੀ ਘਾਟ ਦੇ ਬਾਵਜੂਦ ਸਿੱਖਿਆ ਦੇ ਬਜਟ ਵਿੱਚ ਸ਼ਾਨਦਾਰ ਵਾਧਾ ਕੀਤਾ ਹੈ।
ਪਿਛਲੇ ਸਾਲ ਦੇ ਮੁਕਾਬਲੇ ਸਕੂਲੀ ਸਿੱਖਿਆ ਦੇ ਬਜਟ ਵਿੱਚ 17 ਫੀਸਦੀ, ਤਕਨੀਕੀ ਸਿੱਖਿਆ ਦੇ ਬਜਟ ਵਿੱਚ 48 ਫੀਸਦੀ ਅਤੇ ਮੈਡੀਕਲ ਸਿੱਖਿਆ ਦੇ ਬਜਟ ਵਿੱਚ 57 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਪ੍ਰਤਾਪ ਸਿੰਘ ਬਾਜਵਾ
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ‘ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਪੇਸ਼ ਬਜਟ ‘ਚ ਕੱਢਣ ਪਾਉਣ ਲਈ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗਰੰਟੀਆਂ ਆਪ ਸਰਕਾਰ ਨੇ ਦਿੱਤੀਆਂ ਸੀ, ਉਨ੍ਹਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਹੈ। ਮਾਨ ਸਰਕਾਰ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦਾ ਜ਼ਿਕਰ ਵੀ ਨਾ ਕਰ ਕੇ ਉਹਨਾਂ ਪੰਜਾਬ ਦੀਆਂ ਮਾਵਾਂ-ਧੀਆਂ ਨਾਲ ਧੋਖਾ ਕੀਤਾ ਹੈ । ਇਸ ਤੋਂ ਇਲਾਵਾ ਉਹਨਾਂ ਦਾਅਵਾ ਕੀਤਾ ਕਿ ਬਿਜਲੀ ਮੁਆਫ਼ੀ ਦੀ ਗੱਲ ਤੇ ਬਸ ਹਵਾ ‘ਚ ਤੀਰ ਛਡੇ ਗਏ ਹਨ,ਇਸ ਸਬੰਧ ਵਿੱਚ ਆਪ ਸਰਕਾਰ ਹਰ ਰੋਜ਼ ਬਿਆਨ ਬਦਲਦੀ ਹੈ।
ਮਨਪ੍ਰੀਤ ਸਿੰਘ ਇਆਲੀ
ਅਕਾਲੀ ਦਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਹੈ ਕਿ ਸਰਕਾਰ ਨੇ ਔਰਤਾਂ ਨੂੰ ਨਜ਼ਰਅੰਦਾਜ ਕੀਤਾ ਹੈ ਅਤੇ 1000 ਰੁਪਏ ਵਾਲੀ ਸਕੀਮ ਨੂੰ ਕੋਈ ਤਵਜੋਂ ਨਾ ਦੇ ਕੇ ਉਹਨਾਂ ਨਾਲ ਧੋਖਾ ਕੀਤਾ ਹੈ।ਪੰਜਾਬ ਦੀਆਂ ਔਰਤਾਂ ਨੇ ਖਾਸ ਤੋਰ ‘ਤੇ ਇਸ ਸਰਕਾਰ ਨੂੰ ਵੋਟ ਪਾਈ ਸੀ ਪਰ ਸਰਕਾਰ ਨੇ ਸੈਸ਼ਨ ਵਿੱਚ ਇਸ ਦਾ ਜ਼ਿਕਰ ਤੱਕ ਨਾ ਕਰ ਕੇ ਉਹਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ।
ਗਨੀਵ ਕੌਰ
ਅਕਾਲੀ ਦਲ ਵਿਧਾਇਕਾ ਗਨੀਵ ਕੌਰ ਨੇ ਵੀ ਸਰਕਾਰ ਵੱਲੋਂ 1000 ਰੁਪਏ ਵਾਲੀ ਸਕੀਮ ਨੂੰ ਸਰਕਾਰ ਵੱਲੋਂ ਇਸ ਸੈਸ਼ਨ ਵਿੱਚ ਨਜ਼ਰਅੰਦਾਜ ਕੀਤੇ ਜਾਣ ‘ਤੇ ਸਰਕਾਰ ਨੂੰ ਘੇਰਿਆ ਹੈ।ਉਹਨਾਂ ਕਿਹਾ ਕਿ ਪੂਰੇ ਪੰਜਾਬ ਦੀਆਂ ਔਰਤਾਂ ਨੂੰ ਉਮੀਦ ਸੀ ਕਿ ਸਰਕਾਰ ਉਹਨਾਂ ਲਈ ਕੁੱਝ ਕਰੇਗੀ ਪਰ ਉਹਨਾਂ ਦੇ ਹੱਥ ਨਿਰਾਸ਼ਾ ਲੱਗੀ ਹੈ।ਇਸ ਤੋਂ ਇਲਾਵਾ ਕਿਸਾਨਾਂ ਤੇ ਵਪਾਰੀਆਂ ਲਈ ਇਸ ਬਜਟ ਵਿੱਚ ਕੁੱਝ ਵੀ ਖਾਸ ਨਹੀਂ ਹੈ।ਸਰਕਾਰ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਹੈ।
ਕਿਰਤੀ ਕਿਸਾਨ ਯੂਨੀਅਨ
ਕਿਸਾਨ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਇਸ ਬਜਟ ਨੂੰ ਨਿਰਾਸ਼ਾ ਭਰਪੂਰ ਤੇ ਕਿਸਾਨੀ ਲਈ ਮਾਰੂ ਦੱਸਿਆ ਹੈ।ਕਿਸਾਨ ਆਗੂਆਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਕਿਸਾਨਾਂ ਦੇ ਸਿਰ ਚੜੇ ਕਰਜੇ ਬਾਰੇ ਸਰਕਾਰ ਨੇ ਕੁੱਝ ਵੀ ਨਹੀਂ ਬੋਲਿਆ ਹੈ।ਫਸਲੀ ਵਖਰੇਵੇਂ ਤੇ ਬਦਲਵੀਆਂ ਫਸਲਾਂ ਦਾ ਪ੍ਰਚਾਰ ਕਰਨ ਵਾਲੀ ਸਰਕਾਰ ਇਹਨਾਂ ਦੀ ਖਰੀਦ ਸਬੰਧੀ ਚੁੱਪ ਹੈ।ਸਰਕਾਰ ਦੀ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਬਚਾਉਣ ਤੇ ਫੈਕਟਰੀਆਂ ਵੱਲੋਂ ਪਾਣੀ ਨੂੰ ਪ੍ਰਦੂਸ਼ਤ ਕਰਨ ਤੋਂ ਰੋਕਣ ਲਈ ਕੋਈ ਵੀ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਹੋਏ ਇਸ ਬਜਟ ਦੀ ਤਾਰੀਫ ਕੀਤੀ ਹੈ।ਉਹਨਾਣ ਆਪਣੇ ਟਵੀਟ ਵਿੱਚ ਲਿਖਇਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ। ਆਪ ਦੀ ਇਮਾਨਦਾਰ ਸਰਕਾਰ ਨੇ ਆਉਂਦਿਆਂ ਹੀ ਕਈ ਮਾਫੀਆ ਖਤਮ ਕਰ ਦਿੱਤੇ।ਅੱਜ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਜਾਵੇਗਾ। ਬਿਜਲੀ, ਸਿੱਖਿਆ, ਸਿਹਤ, ਰੁਜ਼ਗਾਰ, ਜੋ ਗਾਰੰਟੀ ਉਹਨਾਂ ਦਿੱਤੀਆਂ ਸੀ, ਉਸ ‘ਤੇ ਕੰਮ ਸ਼ੁਰੂ ਹੋ ਗਿਆ ਹੈ।
ਭਗਵੰਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਜਟ ਨੂੰ ਇਤਿਹਾਸਕ ਦੱਸਿਆ ਹੈ ਕਿਉਂਕਿ ਇਹ ਆਮ ਲੋਕਾਂ ਦੀ ਰਾਏ ਨਾਲ ਬਣਿਆ ਬਜਟ ਹੈ ।ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ਦੇ ਸਿੱਖਿਆ-ਸਿਹਤ, ਖੇਤੀ ਅਤੇ ਵਪਾਰ ਖੇਤਰ ‘ਚ ਕ੍ਰਾਂਤੀ ਦੇ ਟੀਚੇ ਨਾਲ ਬਣਿਆ ਇਹ ਲੋਕਾਂ ਦਾ ਬਜਟ ਹੈ।ਆਪ ਸਰਕਾਰ ਗਰੰਟੀਆਂ ਵੀ ਪੂਰੀਆਂ ਕਰਨ ਜਾ ਰਹੀ ਹੈ ਤੇ ਇਸ ਨਾਲ ਪੰਜਾਬ ਦੇ ਆਰਥਿਕ ਹਾਲਾਤਾਂ ‘ਚ ਵੀ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।