‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤੀ ਬੱਚਿਆਂ ਦੀ ਯੂਕਰੇਨ ਤੋਂ ਸੁਰੱਖਿਅਤ ਘਰ ਵਾਪਸੀ ਲਈ ਕੇਂਦਰ ਸਰਕਾਰ ਨੂੰ ਯਤਨ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖ਼ਬਰਾਂ ਅਨੁਸਾਰ ਯੁੱਧ ਕਾਰਨ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਉਹ ਬੰਕਰਾਂ ਦਾ ਆਸਰਾ ਲੈ ਕੇ ਆਪਣੀ ਜਾਨ ਬਚਾਅ ਰਹੇ ਹਨ। ਜਿੱਥੇ ਉਨ੍ਹਾਂ ਨੂੰ ਅਨੇਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉੱਥੇ ਦੇ ਖਾਣ-ਪੀਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਜੰਗੀ ਪੱਧਰ `ਤੇ ਕੰਮ ਕਰਨਾ ਚਾਹੀਦਾ ਹੈ। ਢੀਂਡਸਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਕਰੇਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਣ ਲਈ ਵੱਡੇ ਪੱਧਰ `ਤੇ ਉਪਰਾਲੇ ਕੀਤੇ ਜਾਣ ਤਾਂ ਜੋ ਖਤਰੇ ਦੇ ਸਾਏ ਹੇਠ ਰਹਿ ਰਹੇ ਬੱਚੇ ਸਹੀ ਸਲਾਮਤ ਘਰ ਪਰਤ ਸਕਣ ।