ਬਿਊਰੋ ਰਿਪੋਰਟ (24 ਨਵੰਬਰ 2025): ਦਿੱਗਜ ਅਦਾਕਾਰ ਧਰਮਿੰਦਰ ਦਾ ਦਿਹਾਂਤ ਹੋ ਗਿਆ ਹੈ। ਨਿਊਜ਼ ਏਜੰਸੀ ਆਈਏਐਨਐਸ (IANS) ਨੇ ਇਸ ਦੁਖਦ ਖ਼ਬਰ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ 89 ਸਾਲਾਂ ਦੇ ਉਨ੍ਹਾਂ ਨੇ ਅੱਜ ਸੋਮਵਾਰ ਦੁਪਹਿਰ ਕਰੀਬ 1 ਵਜੇ ਆਪਣੇ ਘਰ ਆਖ਼ਰੀ ਸਾਹ ਲਿਆ।
ਧਰਮਿੰਦਰ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ। ਉਨ੍ਹਾਂ ਨੂੰ 10 ਨਵੰਬਰ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਦੋ ਦਿਨਾਂ ਤੱਕ ਵੈਂਟੀਲੇਟਰ ’ਤੇ ਰਹੇ ਸਨ, ਜਿਸ ਤੋਂ ਬਾਅਦ 12 ਨਵੰਬਰ ਨੂੰ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ।
ਅਭਿਨੇਤਾ ਦੇ ਦਿਹਾਂਤ ਮਗਰੋਂ ਉਨ੍ਹਾਂ ਦੇ ਘਰ ਐਂਬੂਲੈਂਸ ਪਹੁੰਚ ਚੁੱਕੀ ਹੈ, ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਲਾਕੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ, ਧੀ ਈਸ਼ਾ ਦਿਓਲ, ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ, ਅਦਾਕਾਰ ਆਮਿਰ ਖ਼ਾਲ ਤੇ ਹੋਰ ਦਿੱਗਜ ਕਲਾਕਾਰ ਵੀ ਸ਼ਮਸ਼ਾਨ ਘਾਟ ਪਹੁੰਚੇ ਹਨ।

