The Khalas Tv Blog Punjab ਕੈਪਟਨ ਪਰਿਵਾਰ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ‘ਤੇ ਫਸੇ ਧਰਮਸੋਤ
Punjab

ਕੈਪਟਨ ਪਰਿਵਾਰ ਦੀ ਤੁਲਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ‘ਤੇ ਫਸੇ ਧਰਮਸੋਤ

‘ਦ ਖ਼ਾਲਸ ਬਿਊਰੋ :- ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਪਟਿਆਲਾ ਵਿਖੇ ਆਰੰਬੇ ਪ੍ਰੋਗਰਾਮ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਕਰਨ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ, ਜਿਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਦਾ ਬਿਆਨ ਸਾਹਮਣੇ ਆਇਆ ਹੈ। ਧਰਮਸੋਤ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਸਭ ਕੁੱਝ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮੁਕਾਬਲਾ ਨਾ ਕਿਸੇ ਨੇ ਕੀਤਾ ਹੈ, ਨਾ ਕੋਈ ਕਰ ਸਕਦਾ ਹੈ ਅਤੇ ਨਾ ਹੀ ਕੋਈ ਕਰੇਗਾ। ਉਨ੍ਹਾਂ ਨੇ ਅਕਾਲੀ ਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਭਾਗ ਦੇ ਦੌਰਾਨ ਬੇਅਦਬੀਆਂ ਹੋਈਆਂ ਤੇ ਲੋਕਾਂ ‘ਤੇ ਜ਼ੁਲਮ ਹੋਏ। ਉਹ ਹੁਣ ਸਾਨੂੰ ਸਿਖਾਉਣਗੇ? ਧਰਮਸੋਤ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪਟਿਆਲਾ ਘਰਾਣੇ ਨੂੰ ਮਿਲਿਆ ਹੋਇਆ ਹੈ।

ਕੇਂਦਰ ਵੱਲੋਂ ਮਾਲ ਗੱਡੀਆਂ ਨੂੰ ਪੰਜਾਬ ‘ਚ ਮੁਕੰਮਲ ਤੌਰ ‘ਤੇ ਬੰਦ ਕਰਨ ਨੂੰ ਲੈ ਕੇ ਧਰਮਸੋਤ ਨੇ ਕਿਹਾ ਪੰਜਾਬ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਮਾਲ ਗੱਡੀ ਦੇ ਜ਼ਰੀਏ ਖਾਦ ਅਤੇ ਹੋਰ ਜ਼ਰੂਰੀ ਵਸਤੂਆਂ ਆਉਣੀਆਂ ਹਨ। ਉਨ੍ਹਾਂ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ? ਬਾਕੀ ਤਾਂ ਪੰਜਾਬ ਦੇ ਕਿਸਾਨ ਇਸ ਦਾ ਫ਼ੈਸਲਾ ਲੈਣਗੇ।

ਵਜ਼ੀਫਾ ਘਪਲੇ ਨੂੰ ਲੈ ਕੇ 2 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਨਾਭਾ ਵਿਖੇ ਉਨ੍ਹਾਂ ਖ਼ਿਲਾਫ ਧਰਨਾ ਦੇਣ ਬਾਰੇ ਬੋਲਦਿਆਂ ਧਰਮਸੋਤ ਨੇ ਕਿਹਾ ਕਿ ਇਸ ਮਾਮਲੇ ‘ਚ ਫ਼ੈਸਲਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਕਲੀਨ ਚਿੱਟ ਵੀ ਮਿਲ ਗਈ ਹੈ ਪਰ ਇਸ ਦਾ ਅਜੇ ਤੱਕ ਅਕਾਲੀ ਦਲ ਨੂੰ ਪਤਾ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਆਉਣਗੇ, ਉਹ ਉਨ੍ਹਾਂ ਨੂੰ ਦੁੱਧ ‘ਚ ਮਲਾਈ ਪਾ ਕੇ ਚਾਹ ਪਿਲਾਉਣਗੇ।

Exit mobile version