ਬਿਊਰੋ ਰਿਪੋਰਟ (19 ਅਕਤੂਬਰ 2025): ਇਸ ਸਾਲ ਧਨਤੇਰਸ ’ਤੇ ਭਾਰਤੀ ਬਾਜ਼ਾਰ ਵਿੱਚ ਖ਼ਰੀਦਦਾਰੀ ਦਾ ਨਵਾਂ ਰਿਕਾਰਡ ਕਾਇਮ ਹੋਇਆ ਹੈ। ਆਲ ਇੰਡੀਆ ਟ੍ਰੇਡਰਜ਼ ਕਨਫੈਡਰੇਸ਼ਨ (CAIT) ਦੇ ਅਨੁਸਾਰ, ਇਸ ਵਾਰ ਧਨਤੇਰਸ ਮੌਕੇ ਭਾਰਤੀਆਂ ਨੇ ਲਗਭਗ 1 ਲੱਖ ਕਰੋੜ ਰੁਪਏ ਖ਼ਰਚ ਕੀਤੇ।
ਇਸ ਖਰੀਦਦਾਰੀ ਵਿੱਚ ਸੋਨੇ-ਚਾਂਦੀ ਦੀ ਵਿਕਰੀ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ। CAIT ਨੇ ਦੱਸਿਆ ਕਿ ਸਿਰਫ਼ ਸੋਨੇ-ਚਾਂਦੀ ਦੀ ਵਿਕਰੀ 60,000 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 25% ਜ਼ਿਆਦਾ ਹੈ। ਧਨਤੇਰਸ ਨੂੰ ਕਾਰਤਿਕ ਮਹੀਨੇ ਦੀ ਤੇਰ੍ਹਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ ਅਤੇ ਇਸਨੂੰ ਸੋਨਾ, ਚਾਂਦੀ ਅਤੇ ਬਰਤਨ ਖਰੀਦਣ ਲਈ ਸ਼ੁਭ ਮੰਨਿਆ ਜਾਂਦਾ ਹੈ।
ਮੁੱਖ ਖ਼ਰੀਦਦਾਰੀ ਖੇਤਰਾਂ ਦਾ ਵੇਰਵਾ
1. ਸੋਨਾ-ਚਾਂਦੀ (₹60,000 ਕਰੋੜ):
- CAIT ਦੀ ਆਲ ਇੰਡੀਆ ਜਿਊਲਰਜ਼ ਐਂਡ ਗੋਲਡਸਮਿਥ ਫੈਡਰੇਸ਼ਨ ਦੇ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਜਿਊਲਰੀ ਬਾਜ਼ਾਰਾਂ ਵਿੱਚ ਅਜਿਹੀ ਭਾਰੀ ਭੀੜ ਕਦੇ ਨਹੀਂ ਦੇਖੀ ਗਈ। ਇਕੱਲੇ ਦਿੱਲੀ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਹੋਈ ਹੈ।
- ਹਾਲਾਂਕਿ, ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੇ ਸਕੱਤਰ ਸੁਰੇਂਦਰ ਮਹਿਤਾ ਨੇ ਦੱਸਿਆ ਕਿ ਰਿਕਾਰਡ ਉੱਚੀਆਂ ਕੀਮਤਾਂ ਕਾਰਨ ਸੋਨੇ ਦੀ ਵਿਕਰੀ ਦੀ ਮਾਤਰਾ ਵਿੱਚ ਭਾਵੇਂ 10% ਦੀ ਗਿਰਾਵਟ ਆਈ ਹੈ, ਪਰ ਕੁੱਲ ਮੁੱਲ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ।
- ਸਭ ਤੋਂ ਵੱਧ ਮੰਗ ਸੋਨੇ ਦੇ ਸਿੱਕਿਆਂ ਦੀ ਰਹੀ।
2. ਬਰਤਨ ਅਤੇ ਹੋਰ ਉਪਕਰਨ (15,000 ਕਰੋੜ):
- CAIT ਅਨੁਸਾਰ, ਬਰਤਨ ਅਤੇ ਕਿਚਨ ਅਪਲਾਇੰਸਜ਼ ਸੈਗਮੈਂਟ ਵਿੱਚ 15,000 ਕਰੋੜ ਰੁਪਏ ਦੀ ਵਿਕਰੀ ਹੋਈ।
- ਇਲੈਕਟ੍ਰੋਨਿਕਸ ਆਈਟਮਾਂ ਦੀ ਵਿਕਰੀ ਕਰੀਬ 10,000 ਕਰੋੜ ਰੁਪਏ ਰਹੀ।
- ਸਜਾਵਟੀ ਵਸਤੂਆਂ, ਲੈਂਪ ਅਤੇ ਪੂਜਾ ਸਮੱਗਰੀ ਦੀ ਵਿਕਰੀ 3,000 ਕਰੋੜ ਰੁਪਏ ਹੋਈ।
- ਡਰਾਈ ਫਰੂਟਸ, ਮਠਿਆਈਆਂ, ਫਲ, ਟੈਕਸਟਾਈਲ ਅਤੇ ਵਾਹਨ ਸਮੇਤ ਹੋਰ ਸਾਮਾਨ ਦੀ ਕੁੱਲ ਵਿਕਰੀ 12,000 ਕਰੋੜ ਰੁਪਏ ਰਹੀ।
3. ਆਟੋਮੋਬਾਈਲ (₹8,000 ਕਰੋੜ):
- ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (FADA) ਨੇ ਕਰੀਬ 1 ਲੱਖ ਕਾਰਾਂ ਦੀ ਵਿਕਰੀ ਦਾ ਅਨੁਮਾਨ ਲਗਾਇਆ ਹੈ। ਕੁੱਲ ਕਾਰੋਬਾਰ ਲਗਭਗ 8 ਹਜ਼ਾਰ ਕਰੋੜ ਰਹਿਣ ਦੀ ਉਮੀਦ ਹੈ।
- ਕਾਰ ਬਾਜ਼ਾਰ ਦੀ ਮੋਹਰੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਧਨਤੇਰਸ ਮੌਕੇ ਕਰੀਬ 50,000 ਕਾਰਾਂ ਵੇਚਣ ਦੀ ਉਮੀਦ ਜਤਾਈ ਹੈ, ਜੋ ਪਿਛਲੇ ਸਾਲ ਨਾਲੋਂ ਵੱਧ ਹੈ। ਹੁੰਦਾਈ ਮੋਟਰ ਇੰਡੀਆ ਨੇ ਵੀ ਲਗਭਗ 14,000 ਕਾਰਾਂ ਵੇਚੀਆਂ, ਜੋ ਇੱਕ ਸਾਲ ਪਹਿਲਾਂ ਨਾਲੋਂ 20% ਵੱਧ ਹਨ।