The Khalas Tv Blog Punjab ਪੰਜਾਬ 11 ਜ਼ਿਲ੍ਹਿਆ ਦੇ SSP ਦੀ ਖੈਰ ਨਹੀਂ ! ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ DGP ਨੇ ਜਾਰੀ ਕੀਤਾ ਨੋਟਿਸ
Punjab

ਪੰਜਾਬ 11 ਜ਼ਿਲ੍ਹਿਆ ਦੇ SSP ਦੀ ਖੈਰ ਨਹੀਂ ! ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ DGP ਨੇ ਜਾਰੀ ਕੀਤਾ ਨੋਟਿਸ

ਬਿਉਰੋ ਰਿਪੋਰਟ : ਪਰਾਲੀ ਦੇ ਖਿਲਾਫ਼ ਲਗਾਤਾਰ ਸੁਪਰੀਮ ਕੋਰਟ ਅਤੇ NGT ਤੋਂ ਪੈ ਰਹੀ ਝਾੜ ਦੇ ਬਾਵਜੂਦ ਪੰਜਾਬ ਵਿੱਚ ਰੋਜ਼ਾਨਾ ਪਰਾਲੀ ਨੂੰ ਲੈਕੇ ਨਵੇਂ ਰਿਕਾਰਡ ਬਣ ਰਹੇ ਹਨ । ਮੁੱਖ ਸਕੱਤਰ ਤੋਂ ਬਾਅਦ ਹੁਣ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜ਼ਿਲ੍ਹਿਆਂ ਦੇ SSP ਦੇ ਖਿਲਾਫ ਵੱਡਾ ਐਕਸ਼ਨ ਲਿਆ ਹੈ । 11 SSP ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੀ ਗਿਆ ਹੈ । ਨੋਟਿਸ ਵਿੱਚ ਪੁੱਛਿਆ ਗਿਆ ਹੈ ਕਿ ਸਖਤ ਨਿਰਦੇਸ਼ਾਂ ਦੇ ਬਾਵਜੂਦ ਆਖਿਰ ਕਿਵੇਂ ਪਰਾਲੀ ਸਾੜੀ ਜਾ ਰਹੀ ਹੈ । ਪੱਤਰ ਵਿੱਚ ਲਿਖਿਆ ਗਿਆ ਹੈ ਕਿ SSP ਆਪਣੇ ਇਲਾਕੇ ਵਿੱਚ ਪਰਾਲੀ ਸਾੜਨ ਦੀ ਘਟਨਾਵਾਂ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਏ ਹਨ। ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਿਕ ਬਰਨਾਲਾ, ਬਠਿੰਡਾ,ਫਰੀਦਕੋਟ,ਫਾਜ਼ਿਲਕਾ,ਫਿਰੋਜ਼ਪੁਰ,ਲੁਧਿਆਣਾ,ਮੋਗਾ,ਮੁਕਤਸਰ,ਸੰਗਰੂਰ,ਜਗਰਾਓ ਅਤੇ ਖੰਨਾ ਦੇ ਐੱਸਐੱਸਪੀ ਕੋਲੋ ਜਵਾਬ ਮੰਗਿਆ ਗਿਆ ਹੈ । ਜੇਕਰ ਡੀਜੀਪੀ ਕਿਸੇ ਵੀ ਐੱਸਐੱਸਪੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ ਤਾਂ ਵੱਡੀ ਕਾਰਵਾਈ ਕੀਤੀ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਸੀ ਕਿ ਸੂਬਾ ਸਰਕਾਰਾਂ ਇਲਾਕੇ ਵਿੱਚ ਪਰਾਲੀ ਸੜਨ ਦੇ ਲਈ SHO ਦੀ ਜਿੰਮੇਵਾਰੀ ਤੈਅ ਕਰਨ ।

ਪਰਾਲੀ ਨੂੰ ਲੈਕੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਸੀ । ਉਨ੍ਹਾਂ ਮੁਤਾਬਿਕ 812 FIR ਦਰਜ ਹੋ ਚੁੱਕਿਆ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਖੇਤ ਵਿੱਚ ਪਰਾਲੀ ਸੜੀ ਹੈ ਉਸ ਨੂੰ ਅੱਗ ਕਿਸ ਨੇ ਲਗਾਈ ਅਤੇ ਜ਼ਮੀਨ ਕਿਸ ਦੀ ਹੈ । ਜਾਣਕਾਰੀ ਦੇ ਮੁਤਾਬਿਕ ਹੁਣ ਤੱਕ 6,561 ਕਿਸਾਨਾਂ ਖਿਲਾਫ਼ 1ਕਰੋੜ 42 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ । ਇਸ ਤੋਂ ਇਲਾਵਾ 340 ਕਿਸਾਨਾਂ ਦੇ ਖਿਲਾਫ ਰੈਵਿਨਿਊ ਰਿਕਾਰਡ ਵਿੱਚ ਰੈਡ ਐਂਟਰੀ ਕੀਤੀ ਗਈ ਹੈ।

ਡੀਜੀਪੀ ਪੰਜਾਬ ਗੌਰਵ ਯਾਦਵ ਤੋਂ ਪਹਿਲਾਂ ਚੀਫ ਸਕੱਤਰ ਅਨੂਰਾਗ ਵਰਮਾ ਨੇ 9 ਜ਼ਿਲ੍ਹਿਆਂ ਦੇ ਡੀਸੀ ਨੂੰ ਨੋਟਿਸ ਜਾਰੀ ਕਰਦੇ ਹੋਏ ਤਿੰਨ ਦਿਨਾਂ ਦੇ ਅੰਦਰ ਜਵਾਬ ਮੰਗਿਆ ਸੀ ਕਿ ਆਖਿਰ ਉਨ੍ਹਾਂ ਨੇ ਪਰਾਲੀ ਸਾੜਨ ਨੂੰ ਰੋਕਣ ਦੇ ਲਈ ਕੋਈ ਪਲਾਨਿੰਗ ਕਿਉਂ ਨਹੀਂ ਕੀਤੀ। ਜ਼ਮੀਨ ‘ਤੇ ਕਿਉਂ ਨਹੀਂ ਉਤਰੇ ਅਤੇ ਉਨ੍ਹਾਂ ਦੇ ਇਲਾਕਿਆਂ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਪਰਾਲੀ ਨੂੰ ਕਿਉਂ ਅੱਗ ਲਗਾਈ ਗਈ। । ਪ੍ਰਦੂਸ਼ਣ ਕੰਟਰੋਲ ਦੇ ਮੁਤਾਬਿਕ ਪੰਜਾਬ ਦੇ 9 ਜ਼ਿਲਿਆਂ ਬਰਨਾਲਾ,ਬਠਿੰਡਾ,ਫਰੀਦਕੋਟ,ਫਾਜ਼ਿਲਕਾ,ਫਿਰੋਜ਼ਪੁਰ,ਲੁਧਿਆਣਾ,ਮੋਗਾ,ਮੁਕਤਸਰ,ਸੰਗਰੂਰ ਵਿੱਚ ਸਭ ਤੋਂ ਵੱਧ ਪਰਾਲੀ ਸੜਨ ਦੇ ਮਾਮਲੇ ਸਾਹਮਣੇ ਆਏ ਹਨ ।

ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦਾ ਰਿਕਾਰਡ ਬਣਿਆ

ਸ਼ੁੱਕਰਵਾਰ ਨੂੰ ਪਰਾਲੀ ਸਾੜਨ ਦਾ ਨਵਾਂ ਰਿਕਾਰਡ ਬਣਿਆ ਹੈ, 1150 ਨਵੇਂ ਮਾਮਲੇ ਸਾਹਮਣੇ ਆਏ ਹਨ। ਸਾਲ 2021 ਵਿੱਚ 17 ਨਵੰਬਰ ਨੂੰ 523 ਅਤੇ ਸਾਲ 2022 ਵਿੱਚ, ਉਸੇ ਦਿਨ 966 ਮਾਮਲੇ ਸਾਹਮਣੇ ਆਏ ਸਨ।

ਦੂਜੇ ਪਾਸੇ ਪਰਾਲੀ ਨੂੰ ਲਗਾਤਾਰ ਸਾੜਨ ਕਾਰਨ ਪੰਜਾਬ ਦੀ ਹਵਾ ‘ਚ ਪ੍ਰਦੂਸ਼ਣ ਦੀ ਮਾਤਰਾ ਫ਼ਿਲਹਾਲ ਘੱਟ ਨਹੀਂ ਹੋ ਰਹੀ ਹੈ। ਸ਼ੁੱਕਰਵਾਰ ਨੂੰ ਜਲੰਧਰ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਏਅਰ ਕੁਆਲਿਟੀ ਇੰਡੈੱਕਸ (ਏਕਿਊਆਈ) ਦਾ ਪੱਧਰ ਮਾੜੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ।

ਜਲੰਧਰ ਦਾ AQI 235, ਲੁਧਿਆਣਾ ਦਾ 225, ਮੰਡੀ ਗੋਬਿੰਦਗੜ੍ਹ 231, ਅੰਮ੍ਰਿਤਸਰ 189, ਖੰਨਾ 139 ਅਤੇ ਪਟਿਆਲਾ ਦਾ 182 ਦਰਜ ਕੀਤਾ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ ਪਾਲ ਵਿਗ ਦਾ ਦਾਅਵਾ ਹੈ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਬਣਾ ਕੇ ਹੇਠਲੇ ਪੱਧਰ ‘ਤੇ ਲਗਾਤਾਰ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਘੱਟ ਪਰਾਲੀ ਸਾੜੀ ਗਈ ਹੈ।

ਮੋਗਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਪਰਾਲੀ ਸਾੜੀ ਗਈ। ਇੱਥੇ 225 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਬਰਨਾਲਾ ਵਿੱਚ ਪਰਾਲੀ ਸਾੜਨ ਦੇ 117, ਫ਼ਿਰੋਜ਼ਪੁਰ ਵਿੱਚ 114, ਸੰਗਰੂਰ ਜ਼ਿਲ੍ਹੇ ਵਿੱਚ 110, ਬਠਿੰਡਾ ਵਿੱਚ 109, ਫ਼ਰੀਦਕੋਟ ਵਿੱਚ 101, ਫ਼ਾਜ਼ਿਲਕਾ ਵਿੱਚ 81, ਮੁਕਤਸਰ ਵਿੱਚ 70, ਲੁਧਿਆਣਾ ਵਿੱਚ 63, ਜਲੰਧਰ ਵਿੱਚ 42 ਅਤੇ ਪਟਿਆਲਾ ਵਿੱਚ ਪਰਾਲੀ ਸਾੜਨ ਦੇ 22 ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 33082 ਹੋ ਗਈ ਹੈ। ਜੇਕਰ ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਸਾਲ 2021 ਵਿੱਚ 17 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ 69300 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿੱਚ 47788 ਮਾਮਲੇ ਸਾਹਮਣੇ ਆਏ ਸਨ।

Exit mobile version