The Khalas Tv Blog Punjab ਪ੍ਰਦੀਪ ਮਾਮਲੇ ਦਾ ਮਾਸਟਰ ਮਾਇੰਡ AGTF ਦੇ ਹੱਥੀ ! ਗੋਲਡੀ ਬਰਾੜ ਨੇ ਲਈ ਸੀ ਜ਼ਿੰਮੇਵਾਰੀ
Punjab

ਪ੍ਰਦੀਪ ਮਾਮਲੇ ਦਾ ਮਾਸਟਰ ਮਾਇੰਡ AGTF ਦੇ ਹੱਥੀ ! ਗੋਲਡੀ ਬਰਾੜ ਨੇ ਲਈ ਸੀ ਜ਼ਿੰਮੇਵਾਰੀ

ਬਿਊਰੋ ਰਿਪੋਰਟ : ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਨੇ ਮਾਸਟਰ ਮਾਇੰਡ ਗੈਂਗਸਟਰ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ AGTF ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਹਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਆਪ ਡੀਜੀਪੀ ਗੌਰਵ ਯਾਦਵ ਨੇ ਕੀਤੀ ਹੈ, ਹਾਲਾਂਕਿ ਇਹ ਨਹੀਂ ਪਤਾ ਕਿ ਉਸ ਨੂੰ ਕਿੱਥੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਇੰਨਾ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਗੋਲਡੀ ਬਰਾੜ ਦਾ ਸਾਥੀ ਹੈ। ਜਦੋਂ 10 ਨਵੰਬਰ ਫ਼ਰੀਦਕੋਟ ਵਿੱਚ ਪ੍ਰਦੀਪ ਸਿੰਘ ਦਾ ਕਤਲ ਹੋਇਆ ਸੀ ਤਾਂ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ। ਉਸ ਨੇ ਕਿਹਾ ਸੀ ਕਿ ਕਾਨੂੰਨ ਜਦੋਂ ਮੁਲਜ਼ਮਾਂ ਨੂੰ ਸਜ਼ਾ ਨਹੀਂ ਦੇ ਰਿਹਾ ਹੈ ਤਾਂ ਅਸੀਂ ਬੇਅਦਬੀ ਦੇ ਗੁਨਾਹਗਾਰਾਂ ਨੂੰ ਸਜ਼ਾ ਦੇਵਾਂਗੇ ।

ਦਿੱਲੀ ਅਤੇ ਪੰਜਾਬ ਪੁਲਿਸ ਨੇ 2 ਅਪਰੇਸ਼ਨ ਦੌਰਾਨ ਸ਼ੂਟਰ ਫੜੇ ਸਨ

ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ 6 ਸ਼ੂਟਰਾਂ ਨੇ ਉਸ ਵੇਲੇ ਕਤਲ ਕੀਤਾ ਸੀ, ਜਦੋਂ ਉਹ 10 ਨਵੰਬਰ ਦੀ ਸਵੇਰ ਆਪਣੀ ਦੁਕਾਨ ਵੱਲ ਜਾ ਰਿਹਾ ਸੀ, 3 ਮੋਟਰ ਸਾਈਕਲਾਂ ‘ਤੇ ਆਏ 6 ਸ਼ੂਟਰਾਂ ਨੇ ਇੱਕ ਦਮ ਪ੍ਰਦੀਪ ‘ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪ੍ਰਦੀਪ ਦੀ ਬੇਅਦਬੀ ਮਾਮਲੇ ਵਿੱਚ SIT ਨੇ ਗ੍ਰਿਫ਼ਤਾਰੀ ਕੀਤੀ ਸੀ ਪਰ ਜਿਸ ਵੇਲੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਹ ਜ਼ਮਾਨਤ ‘ਤੇ ਬਾਹਰ ਸੀ । 11 ਨਵੰਬਰ ਨੂੰ ਪ੍ਰਦੀਪ ਦੇ ਕਤਲ ਦੇ ਅਗਲੇ ਹੀ ਦਿਨ ਦਿੱਲੀ ਪੁਲਿਸ ਨੇ ਪਟਿਆਲਾ ਦੇ ਪਿੰਡ ਬਖਸ਼ੀਵਾਲਾ ਤੋਂ ਪ੍ਰਦੀਪ ਦੇ ਕਤਲ ਕਾਂਡ ਵਿੱਚ ਸ਼ਾਮਲ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਇਨ੍ਹਾਂ ਦੀ ਗ੍ਰਿਫਤਾਰੀ ਕੀਤੀ ਸੀ, ਉਸ ਵੇਲੇ ਸਾਹਮਣੇ ਆਇਆ ਸੀ ਕਿ ਗ੍ਰਿਫਤਾਰ ਤਿੰਨੋ ਸ਼ੂਟਰ ਗੋਲਡੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸਨ । ਜਿੰਨਾਂ 6 ਸ਼ੂਟਰਾਂ ਨੇ ਪ੍ਰਦੀਪ ਦੇ ਕਤਲ ਕਾਂਡ ਨੂੰ ਅੰਜਾਮ ਦਿੱਤਾ ਸੀ, ਉਨ੍ਹਾਂ ਵਿੱਚੋਂ 4 ਸ਼ੂਟਰ ਹਰਿਆਣਾ ਅਤੇ 2 ਸ਼ੂਟਰ ਫ਼ਰੀਦਕੋਟ ਦੇ ਸਨ। ਇਸ ਤੋਂ ਕੁੱਝ ਦਿਨ ਬਾਅਦ ਪੰਜਾਬ ਪੁਲਿਸ ਨੇ ਪ੍ਰਦੀਪ ਕਤਲ ਕਾਂਡ ਵਿੱਚ ਸ਼ਾਮਲ 2 ਸ਼ੂਟਰਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ਼ ਗੋਲਡੀ ਵਜੋਂ ਹੋਈ ਸੀ। ਫ਼ਰੀਦਕੋਟ ਪੁਲਿਸ ਨੇ ਬਲਜੀਤ ਉਰਫ਼ ਮੰਨਾ ਨੂੰ ਹਰਿਆਣਾ ਦੇ 3 ਸ਼ੂਟਰਾਂ ਦੀ ਮਦਦ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ ।

ਬੇਅਦਬੀ ਵਿੱਚ ਪ੍ਰਦੀਪ ਦਾ ਅਹਿਮ ਰੋਲ ਸੀ

SPS ਪਰਮਾਰ ਦੀ ਅਗਵਾਈ ਵਿੱਚ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਹੈ SIT ਨੇ ਪ੍ਰਦੀਪ ਸਮੇਤ 6 ਡੇਰਾ ਪ੍ਰੇਮੀਆਂ ਨੂੰ ਮਈ 2021 ਵਿੱਚ ਗਿਰਫ਼ਤਾਰ ਕੀਤਾ ਸੀ, ਪਰ ਸਿਰਫ਼ ਤਿੰਨ ਮਹੀਨਿਆਂ ਦੇ ਅੰਦਰ ਹੀ ਪ੍ਰਦੀਪ ਸਮੇਤ ਸਾਰੇ ਮੁਲਜ਼ਮਾਂ ਨੂੰ ਜੁਲਾਈ 2021 ਵਿੱਚ ਜ਼ਮਾਨਤ ਮਿਲ ਗਈ ਸੀ। ਪ੍ਰਦੀਪ ਦੇ ਨਾਲ ਜਿੰਨਾਂ ਡੇਰਾ ਪ੍ਰੇਮਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਵਿੱਚ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸਨੀ, ਰਣਜੀਤ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ ਸੀ।

ਪ੍ਰਦੀਪ ਅਤੇ ਹੋਰ ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ ਤੋਂ ਬਾਅਦ ਸਿੱਖ ਭਾਈਚਾਰੇ ਨੇ ਰੋਸ ਵੀ ਜ਼ਾਹਿਰ ਕੀਤਾ ਸੀ। ਸੂਤਰਾਂ ਮੁਤਾਬਕ ਪ੍ਰਦੀਪ ‘ਤੇ ਇਲਜ਼ਾਮ ਸੀ ਕੀ ਉਸ ਨੇ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਗ਼ਾਇਬ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਗੱਲੀਆਂ ਅਤੇ ਨਾਲਿਆਂ ਵਿੱਚ ਸੁੱਟਿਆ ਸੀ। ਪ੍ਰਦੀਪ ‘ਤੇ ਕਾਫ਼ੀ ਸੰਗੀਨ ਇਲਜ਼ਾਮ ਸਨ ਇਸ ਲਈ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ । 2015 ਤੋਂ ਲੈ ਕੇ ਹੁਣ ਤੱਕ ਬੇਅਦਬੀ ਮਾਮਲੇ ਵਿੱਚ 7 ਡੇਰਾ ਪ੍ਰੇਮੀਆ ਦਾ ਕਤਲ ਕਰ ਦਿੱਤਾ ਗਿਆ ਹੈ।

7 ਸਾਲਾਂ ਵਿੱਚ 7 ਡੇਰਾ ਪ੍ਰੇਮੀਆ ਦਾ ਕਤਲ

ਬੇਅਦਬੀ ਮਾਮਲੇ ਵਿੱਚ ਹੁਣ ਤੱਕ ਕਈ SIT ਦਾ ਗਠਨ ਹੋ ਚੁੱਕਾ ਹੈ ਪਰ ਲਗਾਤਾਰ ਇਨਸਾਫ਼ ਵਿੱਚ ਹੋਈ ਦੇਰੀ ਦੀ ਵਜਾ ਕਰ ਕੇ ਹੁਣ ਤੱਕ 7 ਡੇਰਾ ਪ੍ਰੇਮੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਨਾਂ ਮਹਿੰਦਰਪਾਲ ਬਿੱਟੂ ਦਾ ਹੈ। 23 ਜਨਵਰੀ 2019 ਵਿੱਚ ਨਾਭਾ ਜੇਲ੍ਹ ਅੰਦਰ ਹੀ ਇੱਕ ਕੈਦੀ ਵੱਲੋਂ ਮਹਿੰਦਰਪਾਲ ਸਿੰਘ ਬਿੱਟੂ ਦਾ ਕਤਲ ਕੀਤਾ ਗਿਆ ਸੀ ਉਹ ਵੀ ਕੋਟਕਪੂਰਾ ਸ਼ਹਿਰ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ 13 ਜੂਨ 2016 ਨੂੰ ਸਭ ਤੋਂ ਪਹਿਲਾਂ ਡੇਰਾ ਪ੍ਰੇਮੀ ਗੁਰਦੇਵ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਉਸ ਤੋਂ ਬਾਅਦ ਫਿਰ 26 ਫਰਵਰੀ 2017 ਨੂੰ ਸਤਪਾਲ ਸ਼ਰਮਾ ਅਤੇ ਰਮੇਸ਼ ਕੁਮਾਰ ਦਾ ਕਤਲ ਕੀਤਾ ਗਿਆ ਸੀ, 29 ਜਨਵਰੀ 2020 ਵਿੱਚ ਮਨੋਹਰ ਲਾਲ ਅਤੇ 3 ਦਸੰਬਰ 2021 ਵਿੱਚ ਚਰਨ ਦਾਸ ਦਾ ਕਤਲ ਕੀਤਾ ਗਿਆ ਸੀ । 10 ਨਵੰਬਰ 2022 ਨੂੰ ਪ੍ਰਦੀਪ ਕੁਮਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਇੰਨਾ ਸਾਰਿਆਂ ‘ਤੇ ਬੇਅਦਬੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ

Exit mobile version