ਸ਼ੰਭੂ : ਅੱਜ ਸੋਮਵਾਰ ਨੂੰ ਕਿਸਾਨ ਅੰਦੋਲਨ ਦਾ 14ਵਾਂ ਦਿਨ ਹੈ। ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫ਼ੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਹਾਲਾਂਕਿ, ਉਹ ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਫਸੇ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ‘WTO ਕਵਿਟ ਡੇ’ ਮਨਾਉਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਨੂੰ WTO ਤੋਂ ਬਾਹਰ ਰੱਖੋ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦੋਹਾਂ ਫਾਰਮਾਂ ਵੱਲੋਂ ਅੱਜ ਦੇਸ਼ ਭਰ ਵਿੱਚ WTO ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ। ਪੰਧੇਰ ਨੇ ਕਿਸਾਨਾਂ ਨੂੰ ਅਪੀਲ ਕੀਤੀ WTO ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਦੇਸ਼ ਦੇ ਹਰ ਪਿੰਡ ਅਤੇ ਸ਼ਹਿਰਾਂ ਵਿੱਚ ਸਾੜੀਆਂ ਜਾਣ।
ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਦੁਪਹਿਰ ਬਾਅਦ ਦੁਬਾਰਾ ਸ਼ੰਭੂ ਬਾਰਡਰ ‘ਤੇ ਪਹੁੰਚਣ ਲਈ ਵੀ ਕਿਹਾ। ਪੰਧੇਰ ਨੇ ਕਿਹਾ ਕਿ ਅੱਜ 3 ਵਜੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕੇਂਦਰ ਸਰਕਾਰ, ਕਾਰਪੋਰੇਟ ਘਰਾਣਿਆਂ ਅਤੇ WTO ਦਾ ਪੁਤਲਾ ਫੂਕਿਆ ਜਾਵੇਗਾ।
ਪੰਧੇਰ ਨੇ ਦੇਸ਼ ਭਰ ਵਿੱਚੋਂ ਮਿਲ ਰਹੇ ਸਮਰਥਨ ਬਾਰੇ ਦੱਸਦਿਆਂ ਕਿਹਾ ਕਿ ਮੋਰਚੇ ਨੂੰ 51 ਜਥੇਬੰਦੀਆਂ ਦਾ ਸਾਥ ਤਾਮਿਲਨਾਡੂ, ਕੇਰਲਾ ਤੋਂ 17, 5 ਬਿਹਾਰ ਤੋਂ, 2 ਮੱਧ ਪ੍ਰਦੇਸ਼ ਤੋਂ , ਉਤਰ ਪ੍ਰਦੇਸ਼ ਤੋਂ 8 , ਹਰਿਆਣਾ ਤੋਂ ਅੱਠ, ਰਾਜਲਥਾਨ ਤੋਂ 7 , ਉਤਰਾ ਖੰਡ ਤੋਂ 2 ਕਿਸਾਨ ਜਥੇਬੰਦੀਆਂ ਸਮਰਥਨ ਦੇ ਰਹੀਆਂ ਹਨ।