ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ ਜੱਥੇਦਾਰ ਰਣਜੀਤ ਸਿੰਘ ਗੌਹਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਹੈ। ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਮੰਗ ਕੀਤੀ ਗਈ ਹੈ।
ਜੱਥੇਦਾਰ ਰਣਜੀਤ ਸਿੰਘ ਗੌਹਰ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਅਤੇ ਪੂਜਨੀ ਹੈ। ਇਸ ਸਤਿਕਾਰਤ ਅਹੁਦੇ ਤੇ ਜਿਹੜੀ ਵੀ ਧਾਰਮਿਕ ਸਖਸ਼ੀਅਤ ਨੂੰ ਸੇਵਾ ਮਿਲਦੀ ਹੈ, ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਉਸ ਸਖਸ਼ੀਅਤ ਨੂੰ ਗੁਰੂ ਸਾਹਿਬ ਦੇ ਪਰਮ ਸੇਵਕ ਦੇ ਰੂਪ ਵੱਜੋਂ ਸਨਮਾਨ ਦਿੰਦੀ ਹੈ।
ਰਣਜੀਤ ਸਿੰਘ ਗੌਹਰ ਨੇ ਗਿਆਨੀ ਰਘਬੀਰ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਜੀ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਨਿਭਾ ਚੁੱਕੇ ਹੋ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਸੇਵਾ ਨਿਭਾ ਰਹੇ ਹੋ। ਸੰਗਤਾਂ ਵੱਲੋਂ ਸ਼ਰਧਾ ਨਾਲ ਮਿਲਣ ਵਾਲੇ ਸਤਿਕਾਰ ਤੇ ਮਾਨ ਸਨਮਾਨ ਬਾਰੇ ਤੁਹਾਨੂੰ ਵਿਅਕਤੀਗਤ ਤੌਰ ਤੇ ਪੂਰਨ ਅਨੁਭਵ ਹੈ। ਸੰਗਤਾਂ ਦੀਆਂ ਉਪਰੋਕਤ ਭਾਵਨਾਵਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ ਇਸ ਦਾ ਧਿਆਨ ਰੱਖਣਾ ਜਥੇਦਾਰ ਦਾ ਪਹਿਲਾ ਫਰਜ਼ ਬਣਦਾ ਹੈ।
ਜਥੇਦਾਰ ਸਾਹਿਬ ਜੀ ਮੈਂ ਤਖਤ ਸ੍ਰੀ ਹਰਿਮੰਦਰ ਹੀ ਪਟਨਾ ਸਾਹਿਬ ਦੇ ਜਥੇਦਾਰ ਵੱਜੋਂ ਲੰਮਾਂ ਸਮਾਂ ਸੇਵਾਵਾਂ ਨਿਭਾਈਆਂ ਹਨ ਮੈਂ ਵੀ ਉਪਰੋਕਤ ਵਿਸ਼ੇ ਤੋਂ ਪੂਰਨ ਤੌਰ ਤੇ ਅਨੁਭਵ ਰੱਖਦਾ ਹਾਂ। ਇਸ ਲਈ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ 10 ਫਰਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿਚ ਸੇਵਾਵਾਂ ਖਤਮ ਕਰਦਿਆਂ ਨੌਕਰੀ ਤੋਂ ਵੀ ਕੱਢ ਦਿੱਤਾ ਹੈ।
ਜੱਥੇਦਾਰ ਗੌਹਰ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਕਾਰਵਾਈ ਦੀ ਰਿਪੋਰਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਵਿਚਾਰਿਆ ਜਾਵੇ ਅਤੇ ਇਨ੍ਹਾਂ ਦੋਸ਼ਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜਾ ਬਣਦੀ ਹੈ। ਜਿਨ੍ਹੀਂ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਕੇ ਸਜਾ ਨਹੀਂ ਲੱਗਦੀ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਅਤੇ ਹੋਰਨਾ ਇਕੱਠ ਚ ਵੀ ਸ਼ਮੂਲੀਅਤ ਕਰਨ ਅਤੇ ਬੋਲਣ ਤੇ ਪਾਬੰਧੀ ਲਗਾਉਂਣੀ ਚਾਹੀਦੀ ਹੈ।
ਰਣਜੀਤ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਸਖਸ਼ੀਅਤ, ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਦੀਆਂ ਸੇਵਾਵਾਂ ਨਿਭਾਉਂਣ ਸਮੇਂ ਦੋਸ਼ ਲੱਗੇ ਹੀ ਨਹੀ ਹਨ ਬਲਕਿ SGPC ਦੀ ਅੰਤਰਿੰਗ ਕਮੇਟੀ ਨੇ ਦੋਸ਼ੀ ਮੰਨਦੇ ਹੋਏ ਸੇਵਾ ਮੁਕਤਿ ਕੀਤਾ ਹੈ। ਰਣਜੀਤ ਸਿੰਘ ਗੌਹਰ ਨੇ ਕਿਹਾ ਆਸ ਹੈ ਕਿ ਮੇਰੇ ਇਸ ਪੱਤਰ ਤੇ ਤੁਰੰਤ ਪ੍ਰਭਾਵ ਹੇਠ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਾਰਵਾਈ ਜਰੂਰ ਕਰੋਗੇ।