The Khalas Tv Blog Punjab ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, ਬਿਜਲੀ ਦੀ ਖਪਤ ਨੇ ਰਿਕਾਰਡ ਤੋੜੇ
Punjab

ਗਰਮੀ ਕਾਰਨ ਵਧੀ ਬਿਜਲੀ ਦੀ ਮੰਗ, ਬਿਜਲੀ ਦੀ ਖਪਤ ਨੇ ਰਿਕਾਰਡ ਤੋੜੇ

ਮੌਸਮ ਵਿਗਿਆਨੀਆਂ ਵੱੱਲੋਂ ਕੀਤੀ ਗਈ ਪੇਸ਼ੀਨਗੋਈ ਤਹਿਤ ਗਰਮੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਬੰਨੇ ਇਨ੍ਹਾਂ ਦਿਨੀਂ ਗਰਮੀ ਵਾਂਗ ਬਿਜਲੀ ਦੀ ਮੰਗ ਵੀ ਛਾਲਾਂ ਮਾਰਨ ਲੱਗੀ ਹੈ। ਬਿਜਲੀ ਦੀ ਵਧਦੀ ਮੰਗ ਅਤੇ ਬਾਰਸ਼ ਨਾ ਹੋਣ ਕਾਰਨ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੀਆਂ ਟੈਨਸ਼ਨਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ’ਚ ਬਿਜਲੀ ਦੀ ਖਪਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ ਹਨ।

ਹਾਲਾਤ ਇਹ ਬਣੇ ਹੋਏ ਹਨ ਕਿ ਪੰਜਾਬ ਦੇ ਕਈ ਇਲਾਕਿਆਂ ’ਚ ਪਾਰਾ 46 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਅਤੇ ਹਾਲ ਦੀ ਘੜੀ ਬਾਰਸ਼ ਪੈਣ ਦੇ ਕੋਈ ਅਸਾਰ ਦਿਖਾਈ ਨਹੀਂ ਦੇ ਰਹੇ ਹਨ। ਅਜਿਹੇ ’ਚ ਲੋਕ ਸਭਾ ਚੋਣਾਂ ਸਮੇਤ ਰਾਜ ’ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸਿਰ ’ਤੇ ਹੈ, ਜਦੋਂ ਕਿ ਆਸਮਾਨ ਤੋਂ ਅੱਗ ਵਾਂਗ ਵਰ੍ਹ ਰਹੀ ਭਿਆਨਕ ਗਰਮੀ ਦੌਰਾਨ ਬਿਜਲੀ ਦੀ ਮੰਗ ਮੁਤਾਬਕ ਪੈਦਾਵਾਰ ਨਾ ਹੋਣ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟ ਲੋਕਾਂ ਦੇ ਸੜੇ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।

ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਪੰਜਾਬ ਭਰ ’ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ’ਤੇ ਹਾਲਾਤ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦੇ ਹਨ। ਹੁਣ ਜੇਕਰ ਗੱਲ ਕੀਤੀ ਜਾਵੇ ਸਾਲ 2023 ਦੇ ਮੁਕਾਬਲੇ ਸਾਲ 2024 ਮਈ ਮਹੀਨੇ ਦੌਰਾਨ ਬਿਜਲੀ ਦੀ ਵਧੀ ਮੰਗ ਦੀ ਤਾਂ ਇਸ ’ਚ ਕਰੀਬ 25 ਫ਼ੀ ਸਦੀ ਦਾ ਭਾਰੀ ਵਾਧਾ ਹੋਇਆ ਹੈ, ਜਦੋਂ ਕਿ ਅਪ੍ਰੈਲ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ’ਚ 10 ਫ਼ੀ ਸਦੀ ਤਕ ਦਾ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ।

ਅਜਿਹੇ ’ਚ ਜੇਕਰ ਮੌਸਮ ਨੇ ਸਾਥ ਨਾ ਦਿਤਾ ਤਾਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਜਾਬ ਦੀ ਜਨਤਾ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਸਬੰਧੀ ਕੀਤੇ ਦਾਅਵਿਆਂ ਦੀ ਪੋਲ ਖੁਲ੍ਹਣ ’ਚ ਜ਼ਿਆਦਾ ਸਮਾਂ ਨਹੀਂ ਲਗੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਵਿਭਾਗ ਵਲੋਂ ਪਿਛਲੇ ਸਾਲ ਮਈ ਮਹੀਨੇ ’ਚ 10386 ਮੈਗਾਵਾਟ ਦੇ ਮੁਕਾਬਲੇ ਮੌਜੂਦਾ ਸਮੇਂ ਰੋਜ਼ਾਨਾ 14514 ਮੈਗਾਵਾਟ ਬਿਜਲੀ ਦੀ ਸਪਲਾਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀ ਸਦੀ ਵੱਧ ਹੈ

ਮੌਜੂਦਾ ਸਾਲ ਦੇ ਅਪ੍ਰੈਲ ’ਚ ਵੀ ਵੱਧ ਤੋਂ ਵੱਧ ਸਪਲਾਈ 10011 ਮੈਗਾਵਾਟ ਰਹੀ, ਜਦੋਂਕਿ ਅਪ੍ਰੈਲ 2023 ’ਚ ਬਿਜਲੀ ਸਪਲਾਈ ਦਾ ਇਹ ਅੰਕੜਾ 8143 ਮੈਗਾਵਾਟ ਰਿਹਾ। ਵਰਣਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਪਿਛਲੇ ਕਰੀਬ 3 ਮਹੀਨਿਆਂ ਦੌਰਾਨ ਲੁਧਿਆਣਾ ਜ਼ਿਲ੍ਹੇ ’ਚ ਬਿਜਲੀ ਦੀ ਪੈਦਾਵਾਰ ਵਧਾਉਣ ਲਈ ਕਰੋੜਾਂ ਰੁਪਏ ਦੇ ਨਵੇਂ ਪ੍ਰਾਜੈਕਟ ਲਾਏ ਗਏ ਹਨ ਜਿਸ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਲੱਗੀ ਇੰਡਸਟਰੀ, ਕਾਰੋਬਾਰੀਆਂ, ਵਪਾਰੀਆਂ ਅਤੇ ਘਰੇਲੂ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।

 

Exit mobile version