The Khalas Tv Blog India ਗੁਰੂ ਦੀ ਗੋਲਕ ਦਾ ਪੈਸਾ ਕਿਸਨੇ ਖਾਧਾ, DIU ਕਰੇਗੀ ਜਾਂਚ
India Punjab

ਗੁਰੂ ਦੀ ਗੋਲਕ ਦਾ ਪੈਸਾ ਕਿਸਨੇ ਖਾਧਾ, DIU ਕਰੇਗੀ ਜਾਂਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚ ਹੋਏ ਕਥਿਤ ਘਪਲੇ ‘ਚ DSGMC ਅਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰੇਗੀ। ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਸਿਆਂ ਦੇ ਹੋਏ ਘਪਲੇ ਵਿੱਚ ਦੋ ਆਦਮੀਆਂ ਦੇ ਨਾਂ ਚਰਚਿਤ ਹਨ ਅਤੇ ਉਹ ਹਨ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ। ਇਹ ਦੋਵੇਂ ਆਦਮੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਉਸ ਰਾਤ 11 ਵਜੇ ਬਹੁਤ ਜੱਦੋ-ਜਹਿਦ ਨਾਲ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਇੱਕ ਹਫ਼ਤਾ ਇੰਤਜ਼ਾਰ ਵੀ ਕੀਤਾ। ਅਸੀਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੂੰ ਇਸ ਬਾਰੇ ਚਿੱਠੀ ਵੀ ਲਿਖੀ।

ਸਰਨਾ ਨੇ ਕਿਹਾ ਕਿ ਸਿਰਸਾ ਨੂੰ ਆਪਣੇ ਆਕਾ ਦੇ ਕੋਲ ਭੇਜਿਆ ਜਾਵੇ। ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਅਸੀਂ ਲੀਡ ਦੇ ਦਿੱਤੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੋ ਵੀ ਧਾਰਾਵਾਂ ਲੱਗਦੀਆਂ ਹਨ, ਉਸ ਤਹਿਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਹ ਮੁਕੱਦਮਾ ਦਰਜ ਤਾਂ ਥਾਣੇ ਵਿੱਚ ਹੋਇਆ ਹੈ ਪਰ ਇਸਦੀ ਜਾਂਚ District Investgation Unit ਨੂੰ ਗਈ ਹੈ। DIU ਵੀ ਬਾਕੀ ਕ੍ਰਾਈਮ ਬ੍ਰਾਂਚ ਵਾਂਗ ਹੈ।

ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜਿਹੜੇ ਪੰਜ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਝੂਠੀ ਸ਼ਿਕਾਇਤ ਲੈ ਕੇ ਗਏ ਸਨ, ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਦੀ ਜਵਾਬ ਤਲਬੀ ਕਰਾਂਗੇ। ਇਹ ਸਪੱਸ਼ਟ ਹੈ ਕਿ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਬਚਾਉਣ ਲਈ ਉਹ ਉੱਥੇ ਗਏ ਸਨ ਤਾਂ ਜੋ ਇਸ ਮੁੱਦੇ ‘ਤੇ ਰੌਲਾ ਪਾ ਕੇ ਇਸਦੀ ਜਾਂਚ ਨਾ ਹੋ ਸਕੇ। ਸਰਨਾ ਕਿਹਾ ਕਿ ਐੱਫਆਈਆਰ ਦਰਜ ਹੋਣਾ, ਕੇਸ ਡੀਆਈਯੂ ਵਿੱਚ ਜਾਣਾ, ਇਸ ਗੱਲ ਨੂੰ ਸਾਬਿਤ ਕਰਦਾ ਹੈ ਕਿ ਚੋਰੀ ਬਹੁਤ ਵੱਡੀ ਹੋਈ ਹੈ। ਇਸ ਲਈ ਇਸ ਮਾਮਲੇ ਦੀ ਜਾਂਚ ਜਲਦ ਹੋਣੀ ਚਾਹੀਦੀ ਹੈ।

ਪਰਮਜੀਤ ਸਰਨਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਤੁਸੀਂ ਇਨ੍ਹਾਂ ਚੋਰ ਕਪਟਾਂ ਦੀ ਹਮਾਇਤ ਕਰਨੀ ਹੈ ਜਾਂ ਫਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਦੇ ਕੇ ਲਾਹੁਣਾ ਹੈ। ਇਹ ਹੁਣ ਉਨ੍ਹਾਂ ਦਾ ਪ੍ਰਬੰਧ ਹੈ।

Exit mobile version