‘ਦ ਖ਼ਾਲਸ ਬਿਊਰੋ :- ਭਾਰਤ ‘ਚ ਕੋਰੋਨਾਵਾਇਰਸ ਦੀ ਦਵਾਈ ਲੱਭਣ ਦਾ ਦਾਅਵਾ ਕਰਨ ਵਾਲੇ ਪਤੰਜਲੀ ਆਯੁਰਵੈਦ ਲਿਮਟਿਡ ਦੇ ਕਾਰਜਕਾਰੀ ਤੇ ਯੋਗ ਗੁਰੂ ਬਾਬਾ ਰਾਮਦੇਵ ਤੇ ਹੋਰਨਾਂ ਖ਼ਿਲਾਫ਼ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਤਹਿਤ ਕੱਲ੍ਹ ਦਿੱਲੀ ਪੁਲਿਸ ਨੇ ਜ਼ਿਲ੍ਹਾ ਅਦਾਲਤ ‘ਚ ਕਿਹਾ ਕਿ ਉਹ ਨਿਆਂ ਅਧਿਕਾਰ ਖੇਤਰ ਤੇ ਹੋਰਨਾਂ ਮਸਲਿਆਂ ਕਰਕੇ ਰਾਮਦੇਵ ਤੇ ਹੋਰਾਂ ਖ਼ਿਲਾਫ FIR ਦਰਜ ਨਹੀਂ ਕਰ ਸਕਦੀ। ਕਿਉਂਕਿ ਜ਼ਿਲ੍ਹਾ ਪੁਲਿਸ ਰਾਮਦੇਵ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਅਦਾਲਤੀ ਹੁਕਮਾਂ ਦੀ ਮੰਗ ਕੀਤੀ ਹੈ। ਇੱਕ ਪਟੀਸ਼ਨ ਤਹਿਤ ਜ਼ਿਲ੍ਹਾ ਅਦਾਲਤ ਨੇ ਪੁਲੀਸ ਨੂੰ ਇਸ ਮਾਮਲੇ ‘ਚ ਹੁਣ ਤੱਕ ਕੀਤੀ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ, ਪਰ ਪਟੀਸ਼ਨਰ ਤੁਸ਼ਾਰ ਆਨੰਦ ਨੇ ਦਾਅਵਾ ਕੀਤਾ ਸੀ ਕਿ ਰਾਮਦੇਵ ਤੇ ਹੋਰਨਾਂ ਕੋਲ ‘ਇਮਿਊਨਿਟੀ ਨੂੰ ਵਧਾਉਣ ਲਈ ਦਵਾਈ ਤਿਆਰ ਕਰਨ ਦੀ ਹੀ ਪ੍ਰਵਾਨਗੀ ਸੀ, ਪਰ ਉਨ੍ਹਾਂ ਨੇ ਮੀਡੀਆ ਰਾਹੀਂ ਕੋਵਿਡ-19 ਦਾ ਇਲਾਜ ਲੱਭਣ ਦਾ ਝੂਠਾ ਦਾਅਵਾ ਕੀਤਾ।