The Khalas Tv Blog India ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਕੀਤਾ ਆਤਮ ਸਮਰਪਣ! 5 ਜੂਨ ਤੱਕ ਨਿਆਂਇਕ ਹਿਰਾਸਤ, “ਪਤਾ ਨਹੀਂ ਕਦੋਂ ਵਾਪਸ ਆਵਾਂਗਾ”
India

ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚ ਕੀਤਾ ਆਤਮ ਸਮਰਪਣ! 5 ਜੂਨ ਤੱਕ ਨਿਆਂਇਕ ਹਿਰਾਸਤ, “ਪਤਾ ਨਹੀਂ ਕਦੋਂ ਵਾਪਸ ਆਵਾਂਗਾ”

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ (ਐਤਵਾਰ, 2 ਜੂਨ) ਨੂੰ ਸ਼ਾਮ 5 ਵਜੇ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਗਏ ਅਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, “ਮੈਂ ਦੇਸ਼ ਨੂੰ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕਦੋਂ ਵਾਪਸ ਆਵਾਂਗਾ। ਮੈਨੂੰ ਨਹੀਂ ਪਤਾ ਕਿ ਉੱਥੇ ਮੇਰੇ ਨਾਲ ਕੀ-ਕੀ ਹੋਵੇਗਾ।”

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, “ਕੱਲ੍ਹ 2024 ਲੋਕ ਸਭਾ ਚੋਣਾਂ ਲਈ ਐਗਜ਼ਿਟ ਪੋਲ ਸਾਹਮਣੇ ਆਏ ਹਨ। ਲਿਖਵਾ ਕੇ ਲੈ ਲਵੋ, ਇਹ ਸਾਰੇ ਐਗਜ਼ਿਟ ਪੋਲ ਫਰਜ਼ੀ ਹਨ। ਇੱਕ ਐਗਜ਼ਿਟ ਪੋਲ ਨੇ ਰਾਜਸਥਾਨ ਵਿੱਚ ਭਾਜਪਾ ਨੂੰ 33 ਸੀਟਾਂ ਦਿੱਤੀਆਂ ਸਨ, ਜਦੋਂ ਕਿ ਉੱਥੇ ਉਸ ਨੂੰ ਸਿਰਫ਼ 25 ਸੀਟਾਂ ਹਨ। ਅਸਲ ਮੁੱਦਾ ਇਹ ਹੈ ਕਿ ਉਨ੍ਹਾਂ ਨੂੰ ਅਜਿਹਾ ਕਿਉਂ ਕਰਨਾ ਪਿਆ? ਉਨ੍ਹਾਂ ’ਤੇ ਦਬਾਅ ਪਾਇਆ ਗਿਆ ਹੋਏਗਾ।”

ਇਸ ਦੇ ਨਾਲ ਹੀ ਆਤਮ ਸਮਰਪਣ ਕਰਨ ਦੇ ਕਰੀਬ 30 ਮਿੰਟ ਬਾਅਦ ਰਾਉਜ਼ ਐਵੇਨਿਊ ਕੋਰਟ ਨੇ ਕੇਜਰੀਵਾਲ ਨੂੰ 5 ਜੂਨ ਤੱਕ ED ਦੀ ਨਿਆਂਇਕ ਹਿਰਾਸਤ (Judicial Custody) ਵਿੱਚ ਭੇਜ ਦਿੱਤਾ ਹੈ। ਏਜੰਸੀ ਨੇ ਕੇਜਰੀਵਾਲ ਦੀ ਹਿਰਾਸਤ ਲਈ ਅਰਜ਼ੀ ਦਾਇਰ ਕੀਤੀ ਸੀ। ਅਰਜ਼ੀ ਪੈਂਡਿੰਗ ਸੀ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅੰਤਰਿਮ ਜ਼ਮਾਨਤ ’ਤੇ ਸਨ।

ਇਸ ਸਬੰਧੀ ਡਿਊਟੀ ਜੱਜ ਸੰਜੀਵ ਅਗਰਵਾਲ ਨੇ ਸੁਣਵਾਈ ਕੀਤੀ ਅਤੇ ਈਡੀ ਦੀ ਅਰਜ਼ੀ ਨੂੰ ਸਵੀਕਾਰ ਕਰ ਲਿਆ। ਕੇਜਰੀਵਾਲ ਨੂੰ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਕੇਜਰੀਵਾਲ ਅੱਜ ਸਭ ਤੋਂ ਪਹਿਲਾਂ 3:30 ਵਜੇ ਰਾਜਘਾਟ ਪਹੁੰਚੇ। ਇੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਦੀ ਸਮਾਧ ’ਤੇ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਕੇਜਰੀਵਾਲ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਰ ਵੀ ਗਏ। ਇਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਪੁੱਜੇ।

ਯਾਦ ਰਹੇ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਕੱਲ੍ਹ ਸ਼ਨੀਵਾਰ (1 ਜੂਨ) ਨੂੰ ਖ਼ਤਮ ਹੋ ਗਈ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ 10 ਮਈ ਨੂੰ 21 ਦਿਨਾਂ ਲਈ ਅੰਤਰਿਮ ਜ਼ਮਾਨਤ ਦਿੱਤੀ ਸੀ।

Exit mobile version