ਪਟਿਆਲਾ : ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਿੱਚ ਅਮਨ -ਕਾਨੂੰਨ ਦੀ ਸਥਿਤੀ ਨੂੰ ਸੰਭਾਲਣ ਲਈ ਮਾਨ ਸਰਕਾਰ ਦੀ ਜੰਮ ਕੇ ਤਾਰੀਫ ਕੀਤੀ ਹੈ ਤੇ ਕਿਹਾ ਹੈ ਕਿ ਸਰਕਾਰ ਨੇ ਗੈਂਗਸਟਰਾਂ ਤੇ ਨਕੇਲ ਕੱਸੀ ਹੈ।
ਪਟਿਆਲਾ ਵਿੱਖੇ ਸੀਐਮਯੋਗਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਅਦ ਕੇਜ਼ਰੀਵਾਲ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਕੀਤੇ ਜਾ ਰਹੇ ਕਾਮਯਾਬ ਤਜ਼ਰਬਿਆਂ ਨੂੰ ਹੁਣ ਸਾਰਾ ਦੇਸ਼ ਅਪਨਾ ਰਿਹਾ ਹੈ। ਇਸੇ ਤਰਾਂ ਸੀਐਮ ਯੋਗਸ਼ਾਲਾ ਦੀ ਸ਼ੁਰੂਆਤ ਪੰਜਾਬ ਦੇ ਚਾਰ ਸ਼ਹਿਰਾਂ ਅੰਮ੍ਰਿਤਸਰ,ਲੁਧਿਆਣਾ,ਜਲੰਧਰ ਤੇ ਪਟਿਆਲਾ ਤੋਂ ਹੋ ਰਹੀ ਹੈ ਤੇ ਇਸ ਤੋਂ ਬਾਅਦ ਇਹ ਸਾਰੇ ਪੰਜਾਬ ਵਿੱਚ ਕਰਵਾਇਆ ਜਾਵੇਗਾ।
ਦਿੱਲੀ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਬੰਦ ਕਰਵਾਏ ਜਾਣ ਦੀ ਗੱਲ ਕਰਦਿਆਂ ਉਹਨਾਂ ਉਮੀਦ ਪ੍ਰਗਟਾਈ ਕਿ ਦਿੱਲੀ ਵਿੱਚ ਇਸ ਨੂੰ ਦੁਬਾਰਾ ਚਾਲੂ ਕਰਵਾ ਦਿੱਤਾ ਜਾਵੇਗਾ। ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਕੀਤਾ ਜਾਵੇਗਾ ਤੇ ਹੋਰ ਵੀ ਮੁਹੱਲਾ ਕਲੀਨਿਕ ਖੋਲੇ ਜਾਣਗੇ।
ਪੰਜਾਬ ਵਿੱਚ ਅਮਨ ਕਾਨੂੰਨ ਦੇ ਹਾਲਾਤਾਂ ਦੀ ਵੀ ਉਹਨਾਂ ਗੱਲ ਕੀਤੀ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਪੰਜਾਬ ਸਰਕਾਰ ਨੇ ਵਧੀਆ ਤਰੀਕੇ ਨਾਲ ਹਾਲਾਤਾਂ ਨੂੰ ਸੰਭਾਲਿਆ ਹੈ। ਆਪ ਤੇ ਲਗਦੇ ਇਲਜ਼ਾਮਾਂ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਗੈਂਗਸਟਰਾਂ ਨੂੰ ਹੁਣ ਫੜ ਕੇ ਅੰਦਰ ਕੀਤਾ ਗਿਆ ਹੈ ਪਰ ਪਹਿਲੀਆਂ ਸਰਕਾਰਾਂ ਦਾ ਉਹਨਾਂ ਦੇ ਸਿਰ ਤੇ ਹੱਥ ਹੁੰਦਾ ਸੀ ਪਰ ਆਪ ਦਾ ਕਿਸੇ ਵੀ ਗੈਂਗਸਟਰ ਦੇ ਸਿਰ ਤੇ ਹੱਥ ਨਹੀਂ ਹੈ।
ਬੇਅਦਬੀ ਮਾਮਲੇ ਬਾਰੇ ਵੀ ਵੱਡੇ ਨਾਮਾਂ ਤੇ ਹੁਣ ਕਾਰਵਾਈ ਹੋਈ ਹੈ ਤੇ ਨਸ਼ਿਆਂ ਸੰਬੰਧੀ ਹਾਈ ਕੋਰਟ ਵਿੱਚ ਪਈਆਂ ਰਿਪੋਰਟਾਂ ਵੀ ਹੁਣ ਖੋਲੀਆਂ ਗਈਆਂ ਹਨ ਤੇ ਇਸ ਪਿਛੇ ਜੋ ਵੀ ਮਾਸਟਰਮਾਈਂਡ ਹੈ ਉਸ ਤੇ ਹੁਣ ਕਾਰਵਾਈ ਹੋਵੇਗੀ। ਪੰਜਾਬ ਦੀ ਸ਼ਾਂਤੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੰਜਾਬ ਵਿੱਚ ਮੌਸਮ ਕਾਰਨ ਕਿਸਾਨਾਂ ਦੀ ਤਬਾਹ ਹੋਈ ਫਸਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਲਈ ਮੁਆਵਜ਼ਾ ਜਾਰੀ ਕਰ ਰਹੀ ਹੈ।