The Khalas Tv Blog India ਦਿੱਲੀ ‘ਚ ਜਲਦ ਬਣੇਗਾ ‘ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ’
India

ਦਿੱਲੀ ‘ਚ ਜਲਦ ਬਣੇਗਾ ‘ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ’

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੋਰਡ ਆਫ ਸਕੂਲ ਐਜੂਕੇਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਇਸ ਬੋਰਡ ਦੀ ਇੱਕ ਗਵਰਨਿੰਗ ਬਾਡੀ ਹੋਵੇਗੀ, ਜਿਸਦੀ ਪ੍ਰਧਾਨਗੀ ਦਿੱਲੀ ਦੇ ਸਿੱਖਿਆ ਮੰਤਰੀ ਕਰਨਗੇ। ਰੋਜ਼ਾਨਾ ਦੀ ਕਾਰਵਾਈ ਨੂੰ ਵੇਖਣ ਲਈ ਬੋਰਡ ਦੀ ਇੱਕ ਐਗਜ਼ੀਕਿਊਟਿਵ ਬਾਡੀ ਵੀ ਹੋਵੇਗੀ, ਜਿਸਦੇ ਲਈ ਇੱਕ ਸੀਈਓ ਨਿਯੁਕਤ ਕੀਤੇ ਜਾਣਗੇ। ਇਨ੍ਹਾਂ ਦੋਵਾਂ ਬਾਡੀਜ਼ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਕੁੱਝ ਸਿੱਖਿਆ ਮਾਹਿਰ ਅਤੇ ਕਈ ਸਕੂਲਾਂ ਦੇ ਪ੍ਰਿੰਸੀਪਲ ਇਸ ਵਿੱਚ ਸ਼ਾਮਿਲ ਹੋਣਗੇ।’

ਕੇਜਰੀਵਾਲ ਨੇ ਕਿਹਾ ਕਿ ‘ਇਹ ਅੰਤਰਰਾਸ਼ਟਰੀ ਪੱਧਰ ‘ਤੇ ਬੋਰਡ ਬਣਾਇਆ ਜਾ ਰਿਹਾ ਹੈ। ਸਕੂਲਾਂ ਵਿੱਚ ਅੰਤਰਰਾਸ਼ਟਰੀ ਅਭਿਆਸ ਨੂੰ ਲਿਆਂਦਾ ਜਾਵੇਗਾ। ਸੈਸ਼ਨ 2021-22 ਵਿੱਚ ਅਸੀਂ 20-25 ਸਰਕਾਰੀ ਸਕੂਲਾਂ ਨੂੰ ਇਸ ਬੋਰਡ ਵਿੱਚ ਸ਼ਾਮਿਲ ਕਰਾਂਗੇ। ਹਾਲਾਂਕਿ, ਦਿੱਲੀ ਵਿੱਚ 1000 ਸਰਕਾਰ ਅਤੇ ਕਰੀਬ 1700 ਨਿੱਜੀ ਸਕੂਲ ਹਨ ਅਤੇ ਸਾਨੂੰ ਉਮੀਦ ਹੈ ਕਿ 4-5 ਸਾਲਾਂ ਵਿੱਚ ਉਹ ਵੀ ਇਸ ਬੋਰਡ ਵਿੱਚ ਸ਼ਾਮਿਲ ਹੋ ਜਾਣਗੇ।’

ਕੇਜਰੀਵਾਲ ਨੇ ਕਿਹਾ ਕਿ ‘ਜਿਨ੍ਹਾਂ 20-25 ਸਰਕਾਰੀ ਸਕੂਲਾਂ ਨੂੰ ਦਿੱਲੀ ਬੋਰਡ ਆਫ ਸਕੂਲ ਐਜ਼ੂਕੇਸ਼ਨ ਵਿੱਚ ਲਿਆਂਦਾ ਜਾਣ ਵਾਲਾ ਹੈ, ਉਨ੍ਹਾਂ ਦੀ ਸੀਬੀਐੱਸਈ ਬੋਰਡ ਤੋਂ ਮਾਨਤਾ ਰੱਦ ਹੋ ਜਾਵੇਗੀ। ਇਨ੍ਹਾਂ ਸਕੂਲਾਂ ਦੀ ਚੋਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਗੱਲ ਕਰਕੇ ਕੀਤੀ ਜਾਵੇਗੀ। ਇਸਦੇ ਨਾਲ ਹੀ ਬੱਚਿਆਂ ਦੇ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਵੇਗੀ।’

ਕੇਜਰੀਵਾਲ ਨੇ ਕਿਹਾ ਕਿ ‘ਇਹ ਬੋਰਡ ਤਿੰਨ ਉਦੇਸ਼ਾਂ ਨੂੰ ਪੂਰਾ ਕਰੇਗਾ। ਇਸਦੇ ਜ਼ਰੀਏ ਸਾਨੂੰ ਇਸ ਤਰ੍ਹਾਂ ਦੇ ਬੱਚੇ ਤਿਆਰ ਕਰਨੇ ਹਨ, ਜੋ ਕੱਟੜ ਦੇਸ਼ਭਗਤ ਹੋਣ, ਜੋ ਆਉਣ ਵਾਲੇ ਸਮੇਂ ਵਿੱਚ ਹਰ ਖੇਤਰ ਵਿੱਚ ਦੇਸ਼ ਦੀ ਜ਼ਿੰਮੇਵਾਰੀ ਨੂੰ ਆਪਣੇ ਕੰਧਿਆਂ ‘ਤੇ ਉਠਾਉਣ ਲਈ ਤਿਆਰ ਹੋਣ। ਸਾਡੇ ਬੱਚੇ ਵਧੀਆ ਇਨਸਾਨ ਬਣਨ ਅਤੇ ਇਹ ਬੋਰਡ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜਾ ਹੋਣ ਲਈ ਤਿਆਰ ਕਰੇਗਾ।’

Exit mobile version