ਬਿਊਰੋ ਰਿਪੋਰਟ (14 ਨਵੰਬਰ, 2025): ਦਿੱਲੀ ਧਮਾਕੇ ਦੇ ਮਾਮਲੇ ਵਿੱਚ ਵੀਰਵਾਰ ਰਾਤ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਵਿੱਚ ਅੱਤਵਾਦੀ ਡਾ. ਉਮਰ ਨਬੀ ਦੇ ਘਰ ਨੂੰ ਆਈ.ਈ.ਡੀ. (IED) ਧਮਾਕੇ ਨਾਲ ਉਡਾ ਦਿੱਤਾ ਹੈ। ਵੀਰਵਾਰ ਨੂੰ ਹੀ ਡੀ.ਐੱਨ.ਏ. (DNA) ਮੈਚਿੰਗ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਸੀ ਕਿ ਧਮਾਕੇ ਵਾਲੀ ਕਾਰ ਵਿੱਚ ਉਮਰ ਨਬੀ ਹੀ ਮੌਜੂਦ ਸੀ ਅਤੇ ਉਹ ਮਾਰਿਆ ਗਿਆ ਹੈ।
ਡਾ. ਉਮਰ ਪੁਲਵਾਮਾ ਦੇ ਕੋਇਲ ਇਲਾਕੇ ਵਿੱਚ ਰਹਿੰਦਾ ਸੀ। ਪੁਲਿਸ ਉਸਦੇ ਮਾਤਾ-ਪਿਤਾ ਅਤੇ ਭਰਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ।
6 ਦਸੰਬਰ ਨੂੰ 32 ਕਾਰਾਂ ਰਾਹੀਂ ਧਮਾਕਿਆਂ ਦੀ ਸੀ ਯੋਜਨਾ
ਖੂਫ਼ੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ 8 ਅੱਤਵਾਦੀਆਂ ਨੇ ਦੱਸਿਆ ਹੈ ਕਿ ਉਹ 6 ਦਸੰਬਰ (ਬਾਬਰੀ ਮਸਜਿਦ ਢਾਹੇ ਜਾਣ ਦੀ ਬਰਸੀ) ਦੇ ਦਿਨ ਦਿੱਲੀ ਸਮੇਤ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਧਮਾਕੇ ਕਰਨਾ ਚਾਹੁੰਦੇ ਸਨ।
ਇਸ ਲਈ ਉਨ੍ਹਾਂ ਨੇ 32 ਕਾਰਾਂ ਦਾ ਇੰਤਜ਼ਾਮ ਕੀਤਾ ਸੀ। i20, ਈਕੋ ਸਪੋਰਟ, ਬ੍ਰੇਜ਼ਾ ਵਰਗੀਆਂ ਗੱਡੀਆਂ ਉਸੇ ਸਾਜ਼ਿਸ਼ ਦਾ ਹਿੱਸਾ ਸਨ, ਜਿਨ੍ਹਾਂ ਵਿੱਚ ਬੰਬ ਅਤੇ ਵਿਸਫੋਟਕ ਸਮੱਗਰੀ ਭਰਨੀ ਸੀ।
10 ਨਵੰਬਰ ਨੂੰ ਹੋਏ ਦਿੱਲੀ ਧਮਾਕੇ ਵਿੱਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 20 ਲੋਕ ਜ਼ਖਮੀ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

