The Khalas Tv Blog India ਪ੍ਰਦੂਸ਼ਣ ਨੂੰ ਵੇਖਦਿਆਂ ਦਿੱਲੀ ਸਰਕਾਰ ਦਾ ਵੱਡਾ ਫੈਸਲਾ! 50% ਮੁਲਾਜ਼ਮਾਂ ਲਈ ‘ਵਰਕ ਫ੍ਰੌਮ ਹੋਮ’ ਲਾਜ਼ਮੀ
India

ਪ੍ਰਦੂਸ਼ਣ ਨੂੰ ਵੇਖਦਿਆਂ ਦਿੱਲੀ ਸਰਕਾਰ ਦਾ ਵੱਡਾ ਫੈਸਲਾ! 50% ਮੁਲਾਜ਼ਮਾਂ ਲਈ ‘ਵਰਕ ਫ੍ਰੌਮ ਹੋਮ’ ਲਾਜ਼ਮੀ

ਬਿਊਰੋ ਰਿਪੋਰਟ (ਨਵੀਂ ਦਿੱਲੀ, 17 ਦਸੰਬਰ 2025): ਦਿੱਲੀ ਵਿੱਚ ਵੱਧ ਰਹੇ ਜਾਨਲੇਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਸਰਕਾਰ ਨੇ ਬੁੱਧਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਸਾਰੇ ਸਰਕਾਰੀ ਅਤੇ ਨਿੱਜੀ (ਪ੍ਰਾਈਵੇਟ) ਦਫ਼ਤਰਾਂ ਵਿੱਚ 50% ਕਰਮਚਾਰੀਆਂ ਲਈ ‘ਵਰਕ ਫ੍ਰੌਮ ਹੋਮ’ (ਘਰੋਂ ਕੰਮ) ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਭਾਵ ਹੁਣ ਦਫ਼ਤਰਾਂ ਵਿੱਚ ਸਿਰਫ਼ ਅੱਧਾ ਸਟਾਫ ਹੀ ਮੌਜੂਦ ਰਹੇਗਾ।

ਜ਼ਰੂਰੀ ਸੇਵਾਵਾਂ ਨੂੰ ਛੋਟ

ਦਿੱਲੀ ਦੇ ਕਿਰਤ ਮੰਤਰੀ ਕਪਿਲ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਨਿਯਮ ਵੀਰਵਾਰ ਤੋਂ ਪ੍ਰਭਾਵੀ ਹੋਣਗੇ। ਹਾਲਾਂਕਿ, ਸਿਹਤ ਸੇਵਾਵਾਂ (ਹੈਲਥਕੇਅਰ), ਫਾਇਰ ਸਰਵਿਸ, ਜੇਲ੍ਹ ਪ੍ਰਸ਼ਾਸਨ, ਜਨਤਕ ਆਵਾਜਾਈ, ਡਿਜ਼ਾਸਟਰ ਮੈਨੇਜਮੈਂਟ ਅਤੇ ਬਿਜਲੀ-ਪਾਣੀ ਵਰਗੀਆਂ ਜ਼ਰੂਰੀ ਸੇਵਾਵਾਂ ਨਾਲ ਜੁੜੇ ਅਦਾਰਿਆਂ ਨੂੰ ਇਸ ਨਿਯਮ ਤੋਂ ਛੋਟ ਦਿੱਤੀ ਗਈ ਹੈ।

ਮਜ਼ਦੂਰਾਂ ਲਈ ਮੁਆਵਜ਼ੇ ਦਾ ਐਲਾਨ

ਮੰਤਰੀ ਨੇ ਦੱਸਿਆ ਕਿ ਦਿੱਲੀ ਵਿੱਚ ਪਿਛਲੇ 16 ਦਿਨਾਂ ਤੋਂ ਗ੍ਰੈਪ-3 (GRAP-3) ਲਾਗੂ ਰਹਿਣ ਕਾਰਨ ਉਸਾਰੀ ਦੇ ਕੰਮ ਬੰਦ ਸਨ, ਜਿਸ ਨਾਲ ਦਿਹਾੜੀਦਾਰ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਹਰਜਾਨੇ ਵਜੋਂ, ਦਿੱਲੀ ਸਰਕਾਰ ਸਾਰੇ ਰਜਿਸਟਰਡ ਅਤੇ ਵੈਰੀਫਾਈਡ ਉਸਾਰੀ ਮਜ਼ਦੂਰਾਂ ਦੇ ਖਾਤਿਆਂ ਵਿੱਚ 10,000 ਰੁਪਏ ਦੀ ਸਹਾਇਤਾ ਰਾਸ਼ੀ ਟ੍ਰਾਂਸਫਰ ਕਰੇਗੀ।

ਭਲਕੇ ਤੋਂ ਲਾਗੂ ਹੋਵੇਗਾ GRAP-4

ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਨੂੰ ਦੇਖਦੇ ਹੋਏ 18 ਦਸੰਬਰ ਦੀ ਸਵੇਰ 8 ਵਜੇ ਤੋਂ GRAP-4 ਲਾਗੂ ਕੀਤਾ ਜਾ ਰਿਹਾ ਹੈ। ਇਸ ਤਹਿਤ ਦੂਜੇ ਸੂਬਿਆਂ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਦਿੱਲੀ ਵਿੱਚ ਐਂਟਰੀ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ।

ਦਿੱਲੀ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਦਿੱਲੀ ਦੀ ਹਵਾ ਵਿੱਚ ਜ਼ਹਿਰ ਘਟਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਸਵੇਰੇ ਦਿੱਲੀ ਦਾ ਔਸਤ AQI 328 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਸਵਿਸ ਕੰਪਨੀ ਆਈਕਿਊਏਅਰ (IQAir) ਅਨੁਸਾਰ, ਦਿੱਲੀ ਅੱਜ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਬਵਾਨਾ ਵਰਗੇ ਇਲਾਕਿਆਂ ਵਿੱਚ AQI 376 ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਧੁੰਦ (ਸਮੌਗ) ਕਾਰਨ ਵਿਜ਼ੀਬਿਲਟੀ ਵੀ ਕਾਫੀ ਘੱਟ ਰਹੀ।

 

Exit mobile version