‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਜਨਵਰੀ ਦੇ ਹੋਏ ਘਟਨਾਕ੍ਰਮ ਲਈ ਅਦਾਕਾਰ ਦੀਪ ਸਿੱਧੂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ਨੂੰ ਜ਼ਿੰਮੇਵਾਰ ਦੱਸਿਆ ਹੈ। ਦੀਪ ਸਿੱਧੂ ਨੇ ਕਿਸਾਨ ਲੀਡਰ ਯੋਗੇਂਦਰ ਯਾਦਵ ਬਾਰੇ ਆਪਣੇ ਦ੍ਰਿਸ਼ਟੀਕੋਣ ਤੋਂ ਕਈ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਕਿਸੇ ਨੇ ਸ਼ਾਇਦ ਕਦੇ ਸੋਚਿਆ ਨਹੀਂ ਹੋਵੇਗਾ। ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਬਾਰੇ ਸੋਚਣ ਲਈ ਅਪੀਲ ਕੀਤੀ ਹੈ ਅਤੇ ਕਿਹਾ ਕਿ ਮੈਂ ਕਿਸਾਨਾਂ ਦਾ ਸਿਪਾਹੀ ਹਾਂ ਅਤੇ ਹਮੇਸ਼ਾ ਰਹਾਂਗਾ।
ਦੀਪ ਸਿੱਧੂ ਨੇ ਕਿਹਾ ਕਿ ‘26 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਤੋਂ ਚੱਲ ਕੇ ਅਸੀਂ ਦਿੱਲੀ ਪਹੁੰਚੇ। ਜਦੋਂ ਦਿੱਲੀ ਪਹੁੰਚੇ ਤਾਂ ਸਾਡੇ ਸੰਘਰਸ਼ ਵਿੱਚ ਇੱਕ ਨਵੀਂ ਐਂਟਰੀ ਹੁੰਦੀ ਹੈ। ਉਹ ਨਵੀਂ ਐਂਟਰੀ ਉਸ ਸ਼ਖਸ ਦੀ ਹੈ, ਜੋ ਸਰਕਾਰ ਦੀ ਗੱਡੀ ਵਿੱਚ, ਪੁਲਿਸ ਦੀ ਗੱਡੀ ਵਿੱਚ ਬੈਠ ਕੇ ਬੁਰਾੜੀ ਚੱਲਣ ਦੀ ਅਨਾਊਂਸਮੈਂਟ ਕਰਦਾ ਹੈ। ਉਹ ਸ਼ਖਸ ਯੋਗੇਂਦਰ ਯਾਦਵ ਸੀ। ਦੀਪ ਸਿੱਧੂ ਨੇ ਕਿਹਾ ਕਿ ਉਦੋਂ ਸਾਡੇ ਮੁੰਡਿਆਂ ਨੇ ਉਨ੍ਹਾਂ ਨੂੰ ਉੱਥੋਂ ਲਾਂਭੇ ਕਰ ਦਿੱਤਾ ਸੀ’।
ਦੀਪ ਸਿੱਧੂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ‘ਕਿਸਾਨ ਲੀਡਰਾਂ ਲਈ ਇਹ ਗੱਲ ਵਿਚਾਰਨਯੋਗ ਹੈ। ਯੋਗੇਂਦਰ ਯਾਦਵ ਕਿਸਾਨ ਲੀਡਰਾਂ ਦੀ ਜਥੇਬੰਦੀ ਦਾ ਹਿੱਸਾ ਨਹੀਂ ਬਣਦੇ, ਪਰ ਕਿਸਾਨ ਸੰਘਰਸ਼ ਵਿੱਚ ਜੋ ਵੀ ਅਗਲੇ ਫੈਸਲੇ ਲਏ ਜਾਂਦੇ ਹਨ, ਉਸ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ’।
ਉਨ੍ਹਾਂ ਕਿਹਾ ਕਿ ‘ਯੋਗੇਂਦਰ ਯਾਦਵ ਨੇ ਕਿਸਾਨ ਸੰਘਰਸ਼ ਵਿੱਚ ਜਦੋਂ ਵੀ ਕੋਈ ਸਟੇਟਮੈਂਟ ਦੇਣੀ, ਉਹ ਪੰਜਾਬ ਜਾਂ ਕਿਸਾਨੀ ਦੇ ਹੱਕ ਵਿੱਚ ਨਹੀਂ ਦਿੰਦੇ ਸੀ। ਹਰ ਸਟੇਟਮੈਂਟ ਵਿੱਚ ਉਹ ਕੋਈ ਨਾ ਕੋਈ ਆਪਣਾ ਪੈਂਤੜਾ ਕੱਢਦੇ ਸੀ। ਕਿਸਾਨ ਲੀਡਰਾਂ ਨੇ ਇਹ ਗੱਲ ਮੰਨੀ ਸੀ ਕਿ 26 ਜਨਵਰੀ ਨੂੰ ਜੋ ਪ੍ਰੋਗਰਾਮ ਦਿੱਤਾ ਗਿਆ ਸੀ, ਉਹ ਉਨ੍ਹਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਸੀ, ਉਹ ਉਨ੍ਹਾਂ ਕੋਲੋਂ ਰਖਵਾਇਆ ਗਿਆ ਸੀ। ਯੋਗੇਂਦਰ ਯਾਦਵ ਨੇ ਉਹ ਪ੍ਰੋਗਰਾਮ ਰਖਵਾਇਆ ਸੀ, ਜਿਨ੍ਹਾਂ ਨੇ 26 ਜਨਵਰੀ ਦੇ ਪ੍ਰੋਗਰਾਮ ਦੇਣ ਖਾਤਿਰ ਪ੍ਰੈੱਸ ਕਾਨਫਰੰਸ ਕੀਤੀ ਸੀ। ਮੀਡੀਆ ਨੂੰ ਸੰਬੋਧਨ ਹੀ ਉਹ ਕਰ ਰਹੇ ਸੀ। ਯੋਗੇਂਦਰ ਯਾਦਵ ਨੇ ਇਹ ਗੱਲ ਐਲਾਨੀ ਸੀ ਕਿ “ਗਣਤੰਤਰ ਦੇ ਦਿਨ ਕਿਸਾਨ ਦਿੱਲੀ ਵਿੱਚ ਅੰਦਰ ਜਾ ਕੇ ਆਪਣੀ ਇੱਕ ਟ੍ਰੈਕਟਰ ਰੈਲੀ ਕਰਨਗੇ, ਅਗਰ ਕਿਸਾਨ ਨਹੀਂ ਕਰੇਗਾ ਤਾਂ ਕੌਣ ਕਰੇਗਾ। ਅਸੀਂ ਦਿੱਲੀ ਦੇ ਅੰਦਰ ਜਾਵਾਂਗੇ”। ਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਤਾਰਾਂ ਸਰਕਾਰ ਨਾਲ ਜੁੜੀਆਂ ਸਨ। ਸਰਕਾਰ ਚਾਹੁੰਦੀ ਸੀ ਕਿ 26 ਜਨਵਰੀ ਵਾਲਾ ਪ੍ਰੋਗਰਾਮ ਰੱਖਿਆ ਜਾਵੇ’।
ਦੀਪ ਸਿੱਧੂ ਨੇ ਕਿਹਾ ਕਿ ‘ਦਿੱਲੀ ਪੁਲਿਸ ਨਾਲ ਜਦੋਂ ਮੀਟਿੰਗਾਂ ਹੋ ਰਹੀਆਂ ਸਨ, ਉਦੋਂ ਵੀ ਯੋਗੇਂਦਰ ਯਾਦਵ ਉਸ ਵਿੱਚ ਸ਼ਾਮਿਲ ਸੀ ਅਤੇ ਇਹ ਸਹਿਮਤੀ ਬਣਾਈ ਜਾ ਰਹੀ ਸੀ ਕਿ ਜੋ ਰਿੰਗ ਰੋਡ ਦੀ ਗੱਲ ਕੀਤੀ ਹੈ, ਉਸ ਰਿੰਗ ਰੋਡ ‘ਤੇ ਨਹੀਂ ਜਾਣ ਦਿੱਤਾ ਜਾਵੇਗਾ, ਕਿਸਾਨਾ ਨੂੰ ਕਿਸੇ ਹੋਰ ਰੂਟ ‘ਤੇ ਜਾਣ ਦਿੱਤਾ ਜਾਵੇਗਾ। ਯੋਗੇਂਦਰ ਯਾਦਵ ਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਰੂਟ ਕੋਈ ਹੋਰ ਹੋਵੇਗਾ ਪਰ ਯੋਗੇਂਦਰ ਯਾਦਵ ਨੇ 25 ਜਨਵਰੀ ਤੱਕ ਆਪਣੇ ਪੱਤੇ ਹੀ ਨਹੀਂ ਖੋਲ੍ਹੇ। ਬਾਅਦ ਵਿੱਚ ਜਦੋਂ ਇਹੋ ਜਿਹੀ ਕੋਈ ਗੱਲ ਕਰਨੀ ਹੋਵੇ ਤਾਂ ਸਾਡੇ ਕਿਸਾਨ ਲੀਡਰਾਂ ਨੂੰ ਅੱਗੇ ਕਰ ਦਿੰਦੇ ਸੀ’।
ਦੀਪ ਸਿੱਧੂ ਨੇ ਕਿਹਾ ਕਿ ‘ਯੋਗੇਂਦਰ ਯਾਦਵ ਨੇ ਹਮੇਸ਼ਾ ਪੰਜਾਬ ਦੇ ਵਿਰੁੱਧ ਸਟੈਂਡ ਲਿਆ। ਜਦੋਂ ਪੱਤਰਕਾਰ ਨਵਦੀਪ ਸਿੰਘ ਨੇ ਤੱਥਾਂ, ਸਬੂਤਾਂ ਤਹਿਤ ਇਹ ਗੱਲ ਕਹੀ ਕਿ ਦੂਜੇ ਰੂਟ ‘ਤੇ ਪੁਲਿਸ ਪੈਟਰੋਲ ਬੰਬ, ਐਸਿਡ ਲੈ ਕੇ ਬੈਠੀ ਹੈ, ਉਸ ਗੱਲ ‘ਤੇ ਯੋਗੇਂਦਰ ਯਾਦਵ ਨੇ ਚੁੱਪੀ ਧਾਰ ਲਈ, ਉਸ ਗੱਲ ‘ਤੇ ਅੱਜ ਤੱਕ ਯੋਗੇਂਦਰ ਯਾਦਵ ਨੇ ਇੱਕ ਲਫਜ਼ ਵੀ ਨਹੀਂ ਬੋਲਿਆ। ਦੂਜੇ ਰੂਟ ‘ਤੇ ਸਾਨੂੰ ਲੈ ਕੇ ਜਾਣਾ ਸਰਕਾਰ ਦਾ ਇੱਕ ਜਾਲ ਸੀ, ਜਿਸ ਵਿੱਚ ਯੋਗੇਂਦਰ ਯਾਦਵ ਨੇ ਮੁੱਖ ਭੂਮਿਕਾ ਨਿਭਾਈ ਹੈ। ਯਾਦਵ ਨੇ ਸਾਡੇ ਜਥੇਬੰਦੀਆਂ ਦੇ ਲੀਡਰਾਂ ਨੂੰ ਆਪਣਾ ਹਥਿਆਰ ਬਣਾਇਆ ਅਤੇ ਉਨ੍ਹਾਂ ਦੀ ਪਿੱਠ ‘ਤੇ ਛੁਰਾ ਮਾਰਿਆ ਹੈ’।
ਦੀਪ ਸਿੱਧੂ ਨੇ ਕਿਹਾ ਕਿ ‘26 ਜਨਵਰੀ ਨੂੰ ਜੋ ਵੀ 10-15 ਮਿੰਟ ਕੁੱਟਮਾਰ ਹੋਈ, ਉਸ ਵਿੱਚ ਸਾਡੇ ਕਿਸਾਨ ਲੀਡਰ ਬਿਲਕੁਲ ਜ਼ਿੰਮੇਵਾਰ ਨਹੀਂ ਸਨ ਅਤੇ ਨਾ ਹੀ ਅਸੀਂ ਜ਼ਿੰਮੇਵਾਰ ਸੀ। ਅਸੀਂ ਤਾਂ ਪੁਲਿਸ ਨੂੰ ਵੀ ਬਚਾਇਆ ਸੀ। ਕੋਈ ਵੀ ਮਿੱਥ ਕੇ ਨਹੀਂ ਗਿਆ ਸੀ ਕਿ ਉੱਥੇ ਇਹ ਸਭ ਕੁੱਝ ਹੋਵੇਗਾ। ਗਲਤ ਘਟਨਾਵਾਂ ਪਿੱਛੇ ਅਜਿਹੇ ਲੋਕਾਂ ਨੂੰ ਟਾਰਗੇਟ ਬਣਾਇਆ ਜਾਂਦਾ ਹੈ, ਜਿਨ੍ਹਾਂ ਦਾ ਪਿਛੋਕੜ ਥੋੜ੍ਹਾ ਵਿਵਾਦਪੂਰਨ ਰਿਹਾ ਹੋਵੇ। ਜਿਵੇਂ ਲੱਖਾ ਸਿਧਾਣਾ ਅਤੇ ਮੈਨੂੰ ਟਾਰਗੇਟ ਕੀਤਾ ਗਿਆ ਸੀ। ਜੇ ਕੋਈ ਸਾਬਿਤ ਕਰ ਦੇਵੇਗਾ ਕਿ ਮੇਰਾ ਬੀਜੇਪੀ ਨਾਲ ਕੋਈ ਨਾਤਾ ਹੈ ਤਾਂ ਮੈਂ ਪੰਜਾਬ ਦੀ ਧਰਤੀ ਛੱਡ ਦੇਵਾਂਗਾ ਪਰ ਮੇਰਾ ਬੀਜੇਪੀ ਨਾਲ ਕੋਈ ਨਾਤਾ ਨਹੀਂ ਹੈ। ਬਸ ਇੱਕੋ ਹੀ ਫੋਟੋ ਦਿਖਾ ਕੇ ਇਹ ਜਨਤਾ ਨੂੰ ਮੂਰਖ ਬਣਾਉਂਦੇ ਹਨ। ਮੇਰੇ ਖਿਲਾਫ ਪੁਲਿਸ ਕੋਲ ਅਤੇ ਨਾ ਹੀ ਸਰਕਾਰ ਕੋਲ ਕਈ ਸਬੂਤ ਹੈ। ਇਸ ਸਭ ਦੇ ਪਿੱਛੇ ਯੋਗੇਂਦਰ ਯਾਦਵ ਹੈ’।
ਦੀਪ ਸਿੱਧੂ ਨੇ ਯਾਦਵ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ‘ਯੋਗੇਂਦਰ ਯਾਦਵ ਅਮਿਤ ਸ਼ਾਹ ਵਾਲੀ ਬੋਲੀ ਬੋਲ ਰਹੇ ਹਨ। ਸਰਕਾਰ ਦੀ ਭਾਸ਼ਾ ਬੋਲੀ ਜਾ ਰਹੀ ਹੈ। ਜਦੋਂ ਕਿਸਾਨ ਅੰਦੋਲਨ ਵਰਗੀਆਂ ਲਹਿਰਾਂ ਉੱਠਦੀਆਂ ਹਨ ਤਾਂ ਸਰਕਾਰ ਆਪਣੇ ਬੰਦੇ ਵਿੱਚ ਫਿਕਸ ਕਰਦੀ ਹੈ। ਮੈਂ ਜਦੋਂ ਸੰਨੀ ਦਿਉਲ ਨਾਲ ਚੋਣਾਂ ਲੜਨ ਲਈ ਆਇਆ ਸੀ ਤਾਂ ਉਸ ਗੱਲ ਨੂੰ ਆਧਾਰ ਬਣਾ ਕੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਵਸਾ ਦਿੱਤੀ ਗਈ ਕਿ ਇਹ ਸਰਕਾਰ ਦਾ ਬੰਦਾ ਹੈ। ਰਾਜਨੀਤੀ ਕਦੇ ਵੀ ਸਾਹਮਣੇ ਨਹੀਂ ਚੱਲ ਰਹੀ ਹੁੰਦੀ ਜਿਵੇਂ ਬੀਜੇਪੀ ਕਰ ਰਹੀ ਹੈ। ਇਹ ਸਾਡਾ ਫੋਕਸ ਪੁਆਇੰਟ ਨੂੰ ਢਿੱਲਾ ਕਰਨਾ ਚਾਹੁੰਦੇ ਹਨ। ਕਿਸਾਨ ਜਥੇਬੰਦੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ’। ਉਨ੍ਹਾਂ ਕਿਹਾ ਕਿ ‘ਮੈਂ ਕਿਸਾਨਾਂ ਦਾ ਸੋਲਜ਼ਰ ਹਾਂ ਅਤੇ ਹਮੇਸ਼ਾ ਰਹਾਂਗਾ’।