The Khalas Tv Blog India ਦਿੱਲੀ ਪੁਲਿਸ ਦੀਪ ਸਿੱਧੂ ਨੂੰ ਨਹੀਂ ਕਰਨਾ ਚਾਹੁੰਦੀ ਆਪਣੇ ਤੋਂ ਦੂਰ, ਇੱਕ ਮਾਮਲੇ ਤੋਂ ਛੁੱਟਿਆ ਤਾਂ ਦੂਜੇ ‘ਚ ਫਸਿਆ
India Punjab

ਦਿੱਲੀ ਪੁਲਿਸ ਦੀਪ ਸਿੱਧੂ ਨੂੰ ਨਹੀਂ ਕਰਨਾ ਚਾਹੁੰਦੀ ਆਪਣੇ ਤੋਂ ਦੂਰ, ਇੱਕ ਮਾਮਲੇ ਤੋਂ ਛੁੱਟਿਆ ਤਾਂ ਦੂਜੇ ‘ਚ ਫਸਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਕਾਰ ਦੀਪ ਸਿੱਧੂ ਦੀ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰੀ ਹੋ ਗਈ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੀਪ ਸਿੱਧੂ ਨੂੰ ਭਾਰਤੀ ਪੁਰਾਤੱਤਵ ਵਿਭਾਗ ਨਾਲ ਜੁੜੇ ਮਾਮਲੇ ਵਿੱਚ ਮੁੜ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦੀਪ ਸਿੱਧੂ ‘ਤੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹੋਏ ਹਨ। ਦੀਪ ਸਿੱਧੂ ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਅੱਜ ਹੀ 30 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦਿੱਤੀ ਸੀ ਅਤੇ ਦੀਪ ਸਿੱਧੂ ਦੀ ਅੱਜ ਸ਼ਾਮ ਨੂੰ ਜੇਲ੍ਹ ਤੋਂ ਰਿਹਾਈ ਹੋਣੀ ਸੀ। ਪਰ ਹੁਣ ਇੱਕ ਹੋਰ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਦੀਪ ਸਿੱਧੂ ਦੀ ਰਿਹਾਈ ਮੁਸ਼ਕਿਲ ਲੱਗ ਰਹੀ ਹੈ। ਭਾਰਤੀ ਪੁਰਾਤੱਤਵ ਵਿਭਾਗ ਨੇ ਤਿਹਾੜ ਜੇਲ੍ਹ ਤੋਂ ਹੀ ਦੀਪ ਸਿੱਧੂ ਦੀ ਮੁੜ ਤੋਂ ਗ੍ਰਿਫਤਾਰੀ ਕਰਵਾ ਦਿੱਤੀ।

ਕੀ ਹੈ ਭਾਰਤੀ ਪੁਰਾਤੱਤਵ ਵਿਭਾਗ ਕੇਸ ?

26 ਜਨਵਰੀ ਨੂੰ ਜਦੋਂ ਲਾਲ ਕਿਲ੍ਹੇ ‘ਤੇ ਹਿੰਸਾ ਹੋਈ ਸੀ ਤਾਂ ਉਸ ਸਮੇਂ ਲਾਲ ਕਿਲ੍ਹੇ ਵਿੱਚ ਤੋੜ-ਫੋੜ ਕੀਤੀ ਗਈ ਸੀ, ਉਸੇ ਸਿਲਸਿਲੇ ਵਿੱਚ ਆਰਕੀਉਲੋਜੀਕਲ ਸਰਵੇ ਆਫ ਇੰਡੀਆ (Archeological survey of India) ਯਾਨੀ ਭਾਰਤੀ ਪੁਰਾਤੱਤਵ ਵਿਭਾਗ ਨੇ ਦੀਪ ਸਿੱਧੂ ‘ਤੇ ਇਨ੍ਹਾਂ ਦੀ ਤੋੜ-ਫੋੜ ਕਰਨ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੂੰ ਐੱਫਆਈਆਰ ਦਰਜ ਕਰਵਾਈ ਸੀ।

ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਦੀ ਕੀਤੀ ਨਿੰਦਾ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਪੁਲਿਸ ਧੱਕਾ ਕਰ ਰਹੀ ਹੈ। ਭਾਰਤੀ ਪੁਰਾਤੱਤਵ ਵਿਭਾਗ ਨੇ ਜਾਣ-ਬੁੱਝ ਕੇ ਅੱਜ ਇੱਹ ਮਾਮਲਾ ਉਠਾਇਆ ਹੈ, ਜਦੋਂ ਅੱਜ ਦੀਪ ਸਿੱਧੂ ਦੀ ਰਿਹਾਈ ਹੋ ਰਹੀ ਸੀ। ਭਾਰਤੀ ਪੁਰਾਤੱਤਵ ਵਿਭਾਗ ਨੇ ਪਹਿਲਾਂ ਇਹ ਮਾਮਲਾ ਕਿਉਂ ਨਹੀਂ ਉਠਾਇਆ ਸੀ। ਅਸੀਂ ਦੀਪ ਸਿੱਧੂ ਦੀ ਦੋ ਦਿਨਾਂ ਵਿੱਚ ਜ਼ਮਾਨਤ ਕਰਾਵਾਂਗੇ।

Exit mobile version