The Khalas Tv Blog India ਪੰਜਾਬ ਦੇ ਸਿਰ ਸਜਿਆ ਤਾਜ
India Punjab

ਪੰਜਾਬ ਦੇ ਸਿਰ ਸਜਿਆ ਤਾਜ

‘ਦ ਖ਼ਾਲਸ ਬਿਊਰੋ : ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ (NAS) 2021 ਦੀ ਰਿਪੋਰਟ ਵਿੱਚ ਪੰਜਾਬ ਬਾਕੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ। NAS ਇੱਕ ਰਾਸ਼ਟਰੀ ਪੱਧਰ ਦਾ ਮੁਲਾਂਕਣ ਸਰਵੇਖਣ ਹੈ ਜੋ ਨਵੀਆਂ ਵਿਦਿੱਅਕ ਨੀਤੀਆਂ ਨੂੰ ਤਿਆਰ ਕਰਨ ਲਈ ਲਾਭਦਾਇਕ ਹੈ। 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ।
ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਇਹ ਸਰਵੇਖਣ ਕਰਵਾਇਆ ਸੀ, ਜਿਸ ਦੌਰਾਨ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵੱਖੋ-ਵੱਖਰੇ ਵਿਸ਼ਿਆਂ ਵਿੱਚ ਸਿੱਖਣ ਸਬੰਧੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ।

ਸੂਬਿਆਂ ਦੀ ਕਾਰਗੁਜ਼ਾਰੀ ਵਿੱਚ ਰਾਜਸਥਾਨ ਨੇ ਵੀ ਚੰਗੇ ਨਤੀਜੇ ਦਿਖਾਏ ਹਨ। ਇਸ ਦੌਰਾਨ ਕੁੱਲ 15 ਕੈਟਾਗਿਰੀਆਂ ਵਿੱਚੋਂ 10 ਵਿੱਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਸਰਵੇਖਣ ਅਧੀਨ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਪੰਜਾਬ ਦੇ 3,656 ਸਕੂਲਾਂ ਦੇ 1.17 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ ਸੀ। ਇਸ ਸਰਵੇਖਣ ਤਹਿਤ ਕੌਮੀ ਪੱਧਰ ’ਤੇ ਕੁੱਲ 1.18 ਲੱਖ ਸਕੂਲਾਂ ਦੇ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ 34.01 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਸੀ।

ਪੰਜਾਬ ਨੇ ਤੀਜੀ ਜਮਾਤ ’ਚ ਭਾਸ਼ਾ (ਪੰਜਾਬੀ) ਵਿੱਚ 355, ਗਣਿਤ ਵਿੱਚ 339 ਅਤੇ ਈਵੀਐੱਸ ਵਿੱਚ 334 ਅੰਕ ਹਾਸਲ ਕੀਤੇ ਹਨ, ਜੋ ਕ੍ਰਮਵਾਰ 323, 306 ਅਤੇ 307 ਦੀ ਕੌਮੀ ਔਸਤ ਨਾਲੋਂ ਵੱਧ ਹੈ। ਸਿਰਫ਼ ਦਸਵੀਂ ਜਮਾਤ ਵਿੱਚ ਗਣਿਤ ’ਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ ਪਰ ਔਸਤ ਕੌਮੀ ਪੱਧਰ ਨਾਲੋਂ ਵੱਧ ਹੈ। ਜਿੱਥੇ ਇਸ ਨੇ ਗਣਿਤ ਵਿੱਚ ਸਭ ਤੋਂ ਵੱਧ 273 ਅੰਕ ਹਾਸਲ ਕੀਤੇ ਹਨ, ਉੱਥੇ ਅੰਗਰੇਜ਼ੀ ਵਿੱਚ ਇਸਦਾ ਸਥਾਨ ਤੀਜਾ ਰਿਹਾ ਹੈ।

Exit mobile version