‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਦੀ ਸਥਿਤੀ ‘ਤੇ ਰਿਵਿਊ ਬੈਠਕ ਕੀਤੀ ਗਈ। ਇਸ ਮੀਟਿੰਗ ਵਿੱਚ ਕੈਪਟਨ ਨੇ ਕਈ ਅਹਿਮ ਐਲਾਨ ਕੀਤੇ। ਪੰਜਾਬ ਦੇ ਡੀਜੀਪੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਐਨਫੋਰਸਮੈਂਟ ਡਰਾਈਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 19 ਮਾਰਚ ਤੱਕ ਉਲੰਘਣਾ ਦੇ 25 ਲੱਖ ਕੇਸ ਦਰਜ ਕੀਤੇ ਗਏ ਹਨ। 1.31 ਲੱਖ ਚਲਾਨ ਕੱਟੇ ਗਏ ਹਨ ਅਤੇ 12 ਕਰੋੜ ਰੁਪਏ ਜ਼ੁਰਮਾਨਾ ਇਕੱਠਾ ਕੀਤਾ ਗਿਆ ਹੈ ਜਦਕਿ 2600 ਉਲੰਘਣਾ ਕਰਨ ਵਾਲੇ ਲੋਕਾਂ ਨੂੰ ਖੁੱਲ੍ਹੀ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
ਕਰੋਨਾ ਦੀ ਤੀਜੀ ਲਹਿਰ ਦੇ ਆਉਣ ਦੇ ਡਰ ਅਤੇ ਇਸਦਾ ਬੱਚਿਆਂ ‘ਤੇ ਪੈਣ ਵਾਲੇ ਪ੍ਰਭਾਵ ਦੇ ਮੱਦੇਨਜ਼ਰ ਕੈਪਟਨ ਨੇ ਸਿਹਤ ਮੰਤਰਾਲੇ ਨੂੰ ਜੂਨ ਮਹੀਨੇ ਦੇ ਅਖੀਰ ਤੱਕ ਸਾਰੇ ਡਾਕਟਰਾਂ ਨੂੰ ਸਪੈਸ਼ਲ ਟਰੇਨਿੰਗ ਦੇਣ ਦੇ ਹੁਕਮ ਦਿੱਤੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਪੈਂਡੂ ਖੇਤਰਾਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਹੁਕਮ ਵੀ ਦਿੱਤੇ ਹਨ।
ਕੈਪਟਨ ਨੇ ਪੰਜਾਬ ਪੁਲਿਸ ਦਾ ਭੋਜਨ ਹੈਲਪਲਾਈਨ ਨੰਬਰ ਨੂੰ ਸਫਲ ਬਣਾਉਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਘਰ-ਘਰ ਜਾ ਕੇ 3 ਹਜ਼ਾਰ ਫੂਡ ਪੈਕੇਟਾਂ ਦੀ ਸਪਲਾਈ ਕੀਤੀ ਹੈ। ਇਨ੍ਹਾਂ ਵਿੱਚ 2 ਹਜ਼ਾਰ 721 ਬਣਿਆ ਹੋਇਆ ਖਾਣਾ (Cooked food) ਅਤੇ 280 ਕੱਚਾ ਰਾਸ਼ਨ (Uncooked food) ਸ਼ਾਮਿਲ ਹੈ।
ਕੈਪਟਨ ਨੇ ਮਿਸ਼ਨ ਫਤਿਹ ਦੇ ਤਹਿਤ ਬਹੁ-ਭਾਸ਼ਾਈ ਪੰਜਾਬ ਕੋਵਿਡ ਕੇਅਰ ਵਟਸਐਪ ਚੈਟਬੋਟ ਦੀ ਸ਼ੁਰੂਆਤ ਕੀਤੀ ਹੈ। ਇਸ ਦੀ ਜ਼ਰੀਏ ਘਰਾਂ ਵਿੱਚ ਇਕਾਂਤਵਾਸ ਹੋਏ ਲੋਕ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਅਤੇ ਵੈਕਸੀਨ ਸੈਂਟਰਾਂ ਬਾਰੇ ਜਾਣਕਾਰੀ ਲੈ ਸਕਦੇ ਹਨ।
ਕੈਪਟਨ ਨੇ ਅਨਾਥ ਬੱਚਿਆਂ ਨੂੰ ਹਰ ਮਹੀਨੇ 1500 ਰੁਪਏ ਦੇਣ ਦੇ ਐਲਾਨ ਕੀਤਾ ਹੈ। ਇਹ ਸਹਾਇਤਾ ਰਾਸ਼ੀ ਸਿਰਫ ਉਨ੍ਹਾਂ ਬੱਚਿਆਂ ਨੂੰ ਮਿਲੇਗੀ, ਜਿਨ੍ਹਾਂ ਦੇ ਮਾਪਿਆਂ ਦੀ ਕਰੋਨਾ ਕਰਕੇ ਮੌਤ ਹੋਈ ਹੈ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਵੀ ਮੁਫਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਮੁਫਤ ਰਾਸ਼ਨ, ਸਿਹਤ ਸਹੂਲਤਾਂ ਅਤੇ 51 ਹਜ਼ਾਰ ਰੁਪਏ ਆਸ਼ੀਰਵਾਦ ਦੇ ਤਹਿਤ ਦਿੱਤੇ ਜਾਣਗੇ।
ਕੈਪਟਨ ਨੇ ਅਧਿਕਾਰੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਵਿਡ ਮਰੀਜ਼ਾਂ ਤੋਂ ਵੱਧ ਪੈਸੇ ਵਸੂਲਣ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੈਪਟਨ ਨੇ ਸਾਰੇ ਹਸਪਤਾਲਾਂ ਨੂੰ ਤੈਅ ਕੀਤੀਆਂ ਗਈਆਂ ਰੇਟ ਸੂਚੀਆਂ ਨੂੰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕਰਨ ਦਾ ਹੁਕਮ ਦਿੱਤਾ ਹੈ।
ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਰੋਨਾ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਜਾਣ ਤੋਂ ਬਾਅਦ ਵੀ ਆਕਸੀਜਨ ਦੀ ਜ਼ਰੂਰਤ ਹੈ। ਇਸ ਲਈ ਕੈਪਟਨ ਨੇ ਸਿਹਤ ਮੰਤਰਾਲੇ ਨੂੰ ਸਿਵਲ ਹਸਪਤਾਲਾਂ ਵਿੱਚ ਪੋਸਟ ਕੋਵਿਡ ਕੇਅਰ ਵਾਰਡ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ O2 ਕੰਸਨਟ੍ਰੇਟਰ ਬੈਂਕਾਂ ਨੂੰ ਸਥਾਪਤ ਕਰਨ ਲਈ ਵੀ ਕਿਹਾ ਹੈ।
ਕੈਪਟਨ ਨੇ ਕਿਹਾ ਕਿ ਮਿਊਕਰ ਮਾਈਕੋਸਿਸ, ਜਿਸਨੂੰ ਬਲੈਕ ਫੰਗਸ ਵੀ ਕਿਹਾ ਜਾਂਦਾ ਹੈ, ਦੇ ਵੱਧ ਰਹੇ ਮਾਮਲਿਆਂ ਬਾਰੇ ਉਹ ਚਿੰਤਤ ਹਨ, ਜੋ ਕਿ ਕੋਵਿਡ-19 ਤੋਂ ਪੀੜਤ ਜਾਂ ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿੱਚ ਪਾਇਆ ਜਾ ਰਿਹਾ ਹੈ। ਕੈਪਟਨ ਨੇ ਕਿਹਾ ਕਿ ਅਸੀਂ ਇਸ ਨੂੰ ਮਹਾਂਮਾਰੀ ਰੋਗ ਐਕਟ ਦੇ ਤਹਿਤ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਐਲ 3 ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ ਇਸ ਬਾਰੇ ਸਿਖਲਾਈ ਦਿੱਤੀ ਗਈ ਹੈ ਅਤੇ ਲੋੜੀਂਦੀਆਂ ਦਵਾਈਆਂ ਦੇ ਵੀ ਆਦੇਸ਼ ਦਿੱਤੇ ਗਏ ਹਨ। ਕੈਪਟਨ ਨੇ ਸਿਹਤ ਮੰਤਰਾਲੇ ਨੂੰ ਸ਼ਹਿਰੀ ਅਤੇ ਪੈਂਡੂ ਖੇਤਰਾਂ ਵਿੱਚ ਬਲੈਕ ਫੰਗਸ ਲਈ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਪੇਂਡੂ ਖੇਤਰ ‘ਤੇ ਹੁਣ ਜ਼ਿਆਦਾ ਧਿਆਨ ਦਿੱਤਾ ਜਾਵੇਗਾ, ਜਿਸਦੇ ਚੱਲਦਿਆਂ ਸਰਪੰਚਾਂ ਅਤੇ ਆਸ਼ਾ ਵਰਕਰਾ ਨੂੰ ਨਾਲ ਲੈ ਕੇ ਸਰਵੇ ਕੀਤੇ ਜਾਣਗੇ ਤਾਂ ਜੋ ਕਰੋਨਾ ਦੇ ਕੇਸਾਂ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੌਕਡਾਊਨ ‘ਚ ਕੋਈ ਸਖ਼ਤੀ ਜਾ ਢਿੱਲ ਨਹੀਂ ਦਿੱਤੀ ਜਾ ਰਹੀ।