ਖਨੌਰੀ ਬਾਰਡਰ : ਦਿੱਲੀ ਚੱਲੋ ਮਾਰਚ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀਆਂ ਹੱਦਾਂ ਉੱਤੇ ਲੱਗੇ ਕਿਸਾਨ ਮੋਰਚੇ ਦਾ ਅੱਜ 34ਵਾਂ ਦਿਨ ਹੈ। ਇਸ ਦੌਰਾਨ ਪੰਜਾਬ-ਹਰਿਆਣਾ ਦੀ ਖਨੌਰੀ ਹੱਦ ਉੱਤੇ ਡਟੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਟਹਿਲ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਬਿਮਾਰ ਹੋਣ ਕਰਕੇ ਪਿੰਡ ਪਰਤੇ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਕਿਸਾਨ ਟਹਿਲ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਆਗੂ ਗੁਰਜੀਤ ਸਿੰਘ ਟਾਹਲੀਆਂ ਅਤੇ ਮੱਖਣ ਸਿੰਘ ਭੱਠਲ ਨੇ ਦੱਸਿਆ ਕਿ ਮ੍ਰਿਤਕ ਟਹਿਲ ਸਿੰਘ ਪੁੱਤਰ ਰੂਪ ਸਿੰਘ ਜੋ ਕਿ ਜਥੇਬੰਦੀ ਦਾ ਸਰਗਰਮ ਵਰਕਰ ਸੀ, ਪਿਛਲੇ ਕਈ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਕਿਸਾਨ ਮੋਰਚੇ ਦੌਰਾਨ ਸੇਵਾ ਕਰ ਰਿਹਾ ਸੀ ਤੇ ਕੱਲ੍ਹ ਹੀ ਪਿੰਡ ਰਾਮਨਗਰ ਭੱਠਲ ਆਇਆ ਸੀ।
ਬਿਮਾਰ ਹੋਣ ਕਾਰਨ ਰਾਤ ਸਮੇਂ ਬੁਢਲਾਡਾ ਹਸਪਤਾਲ ਲਿਜਾਂਦੇ ਹੋਏ ਰਸਤੇ ’ਚ ਦਮ ਤੋੜ ਗਿਆ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।