The Khalas Tv Blog Punjab ਬਰਨਾਲਾ ‘ਚ PRTC ਕਰਮਚਾਰੀ ਦੀ ਮੌਤ, ਅੱਤ ਦੀ ਗਰਮੀ ਕਾਰਨ ਡਿਊਟੀ ਦੌਰਾਨ ਹੋਈ ਮੌਤ
Punjab

ਬਰਨਾਲਾ ‘ਚ PRTC ਕਰਮਚਾਰੀ ਦੀ ਮੌਤ, ਅੱਤ ਦੀ ਗਰਮੀ ਕਾਰਨ ਡਿਊਟੀ ਦੌਰਾਨ ਹੋਈ ਮੌਤ

ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ । ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਉੱਥੇ ਹੀ ਇਸ ਵਿਚਾਲੇ ਬਰਨਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ PRTC ਦੇ ਮੁਲਾਜ਼ਮ ਦੀ ਗਰਮੀ ਕਾਰਨ ਮੌਤ ਹੋ ਗਈ ।

ਜਾਣਕਾਰੀ ਮੁਤਾਬਕ ਬਰਨਾਲਾ ਦੇ ਪੀਆਰਟੀਸੀ ਮੁਲਾਜ਼ਮ ਦੀ ਡਿਊਟੀ ਦੌਰਾਨ ਗਰਮੀ ਕਾਰਨ ਮੌਤ ਹੋ ਗਈ। ਮ੍ਰਿਤਕ ਬਰਨਾਲਾ ਦੇ ਪੀਆਰਟੀਸੀ ਡਿਪੂ ਵਿੱਚ ਮਕੈਨਿਕ ਦਾ ਕੰਮ ਕਰਦਾ ਸੀ। ਪਟਿਆਲਾ ਵਿੱਚ ਖਰਾਬ ਹੋਈ ਪੀਆਰਟੀਸੀ ਬੱਸ ਦੀ ਮੁਰੰਮਤ ਕਰਕੇ ਵਾਪਸ ਪਰਤਦੇ ਸਮੇਂ ਉਸਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ।

ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਪੀਆਰਟੀਸੀ ਮੈਨੇਜਮੈਂਟ ਨਾਲ ਮੀਟਿੰਗ ਤੋਂ ਬਾਅਦ ਕੋਈ ਵੀ ਮੰਗ ਨਾ ਮੰਨੇ ਜਾਣ ਕਾਰਨ ਰੋਸ ਵਜੋਂ ਬਰਨਾਲਾ ਡਿਪੂ ਦੀਆਂ ਬੱਸਾਂ ਨੂੰ ਰੋਕ ਦਿੱਤਾ ਗਿਆ। ਜੇਕਰ ਅੱਜ 12 ਵਜੇ ਤੱਕ ਮੰਗਾਂ ਨਾ ਮੰਨੀਆਂ ਗਈਆਂ ਤਾਂ ਮ੍ਰਿਤਕ ਦੀ ਲਾਸ਼ ਨੂੰ ਬਰਨਾਲਾ ਦੇ ਬੱਸ ਸਟੈਂਡ ਅੱਗੇ ਰੱਖ ਕੇ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਗਈ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਭਰ ਦੇ 27 ਡਿਪੂਆਂ ਦੀਆਂ ਬੱਸਾਂ ਬੰਦ ਰਹਿਣਗੀਆਂ।

ਪੀਆਰਟੀਸੀ ਇੰਪਲਾਈਜ਼ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਸਾਥੀ ਮੁਲਾਇਮ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ ਪਰ ਦੋ ਦਿਨ ਬੀਤ ਜਾਣ ’ਤੇ ਵੀ ਸਰਕਾਰ ਅਤੇ ਮੈਨੇਜਮੈਂਟ ਨੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਲਈ। ਸਾਡੀ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ ਪਰ ਮੈਨੇਜਮੈਂਟ ਨਹੀਂ ਮੰਨੀ। ਜਿਸ ਕਾਰਨ ਪੀਆਰਟੀਸੀ ਮੁਲਾਜ਼ਮਾਂ ਨੇ ਇਸ ਸਬੰਧੀ ਸੰਘਰਸ਼ ਦਾ ਐਲਾਨ ਕੀਤਾ ਹੈ। ਜਿਸ ਤਹਿਤ ਅੱਜ ਬਰਨਾਲਾ ਪੀ.ਆਰ.ਟੀ.ਸੀ ਦਾ ਡਿਪੂ ਬੰਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਭਲਕੇ ਦੁਪਹਿਰ 12 ਵਜੇ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਪੰਜਾਬ ਭਰ ਦੇ 27 ਸਰਕਾਰੀ ਬੱਸ ਡਿਪੂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਮ੍ਰਿਤਕ ਮੁਲਾਜ਼ਮ ਦੀ ਲਾਸ਼ ਬਰਨਾਲਾ ਦੇ ਬੱਸ ਸਟੈਂਡ ਅੱਗੇ ਰੱਖੀ ਜਾਵੇਗੀ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Exit mobile version