‘ਦ ਖ਼ਾਲਸ ਬਿਊਰੋ :- ਲੰਡਨ ‘ਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਝ ਯਾਤਰੀਆਂ ਵੱਲੋਂ ਬਦਸਲੂਕੀ ਤੇ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਯੂਕੇ ਦੀ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਸਿੱਖ ਟੈਕਸੀ ਡਰਾਈਵਰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਯਾਤਰੀਆਂ ਨੂੰ ਲੰਡਨ ਲੈ ਆਇਆ। ਪੀੜਤ ਸਿੱਖ ਵਨੀਤ ਸਿੰਘ (41) ਨੇ ਦੱਸਿਆ ਕਿ ਚਾਰ ਬੰਦਿਆਂ ਨੇ ਉਸ ਦੀ ਦਾੜ੍ਹੀ ਕੱਟੀ ਤੇ ਥੱਪੜ ਮਾਰੇ। ਵਨੀਤ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਨੂੰ ਪੁੱਛਿਆ “ਕੀ ਤੂ ਤਾਲਿਬਾਨੀ ਹੈਂ?” ਇੱਕ ਵਿਅਕਤੀ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਵੀ ਕੀਤੀ।
ਟੈਕਸੀ ਚਾਲਕ ਨੇ ਦੱਸਿਆ ਕਿ, “ਮੈਂ ਘਬਰਾ ਗਿਆ ਸੀ ਤੇ ਮੈਂ ਹੁਣ ਕਦੇ ਵੀ ਰਾਤ ਨੂੰ ਕੰਮ ਨਹੀਂ ਕਰਾਂਗਾ। ਮੈਂ ਅਜੇ ਵੀ ਬਹੁਤ ਡਰਿਆ ਹੋਇਆ ਹਾਂ।” ਪ੍ਰਾਪਤ ਜਾਣਕਾਰੀ ਮੁਤਾਬਕ ਜਦੋਂ ਉਹ ਟੈਕਸੀ ਚਲਾ ਰਿਹਾ ਸੀ ਤਾਂ ਚਾਰ ਸਵਾਰੀਆਂ ਵਿਚੋਂ ਇੱਕ ਨੇ ਉਸ ਦੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਸਿਰ ’ਤੇ ਥੱਪੜ ਮਾਰ ਦਿੱਤਾ। ਵਨੀਤ ਸਿੰਘ ਨੇ ਦਸਤਾਰ ਦੀ ਧਾਰਮਿਕ ਮਹੱਤਤਾ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀ ਨਹੀਂ ਮੰਨੇ। ਟੇਮਜ਼ ਵੈਲੀ ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਚਸ਼ਮਦੀਦਾਂ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ। ਵਨੀਤ ਸਿੰਘ ਬਰਕਸ਼ਾਇਰ ਦੇ ਸਲੋ ਦੇ ਸਕੂਲ ਵਿੱਚ ਸੰਗੀਤ ਦਾ ਅਧਿਆਪਕ ਸੀ, ਪਰ ਕੋਰੋਨਾ ਕਾਰਨ ਨੌਕਰੀ ਗੁਆਉਣ ਤੋਂ ਬਾਅਦ ਟੈਕਸੀ ਚਲਾਉਣਾ ਸ਼ੁਰੂ ਕਰ ਦਿੱਤਾ। ਉਹ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਟਾਈਲਹਰਸਟ ਵਿੱਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਹ ਇਸ ਹਮਲੇ ਤੋਂ ਘਬਰਾ ਗਿਆ ਸੀ ਅਤੇ ਹੁਣ ਰਾਤ ਨੂੰ ਕੰਮ ’ਤੇ ਨਹੀਂ ਜਾਵੇਗਾ।