The Khalas Tv Blog Punjab ਸਹੁਰਿਆਂ ਨੇ ਗਰਭਵਤੀ ਨੂੰਹ ਨੂੰ ਕੈਦ ਕਰਕੇ ਕੀਤੀ ਕੁੱਟਮਾਰ, ਮੂੰਹ ’ਚ ਪਾਈਆਂ ਜ਼ੁਰਾਬਾਂ, ਹੋਇਆ ਗਰਭਪਾਤ
Punjab

ਸਹੁਰਿਆਂ ਨੇ ਗਰਭਵਤੀ ਨੂੰਹ ਨੂੰ ਕੈਦ ਕਰਕੇ ਕੀਤੀ ਕੁੱਟਮਾਰ, ਮੂੰਹ ’ਚ ਪਾਈਆਂ ਜ਼ੁਰਾਬਾਂ, ਹੋਇਆ ਗਰਭਪਾਤ

ਦਸੂਹਾ ਤੋਂ ਇੱਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਹੁਰਿਆਂ ਨੇ ਆਪਣੀ ਗਰਭਵਤੀ ਨੂੰਹ ਨੂੰ ਕਮਰੇ ਵਿੱਚ ਬੰਦ ਕਰਕੇ, ਉਸ ਦੀ ਕੁੱਟਮਾਰ ਕੀਤੀ, ਤਸੀਹੇ ਦਿੱਤੇ, ਆਵਾਜ਼ ਬਾਹਰ ਨਾ ਆ ਸਕੇ ਇਸ ਲਈ ਉਸ ਦੇ ਮੂੰਹ ’ਚ ਜ਼ੁਰਾਬਾਂ ਤੱਕ ਪਾਈਆਂ ਗਈਆਂ। ਇਸ ਘਟਨਾ ਵਿੱਚ ਉਸ ਦੀ ਡੇਢ ਸਾਲ ਦੀ ਬੱਚੀ ਦੀਆਂ ਲੱਤਾਂ ’ਤੇ ਵੀ ਸੱਟਾਂ ਲੱਗੀਆਂ ਹਨ। ਔਰਤ ਦਾ ਗਰਭਪਾਤ ਹੋ ਗਿਆ ਹੈ। ਉਹ ਇੱਕ ਮਹੀਨੇ ਦੀ ਗਰਭਵਤੀ ਸੀ।

ਦਰਅਸਲ ਇਸ ਗਰਭਵਤੀ ਔਰਤ ਨੂੰ ਦੇਰੀ ਨਾਲ ਮੈਂਗੋ ਸ਼ੇਕ ਪੀਣਾ ਮਹਿੰਗਾ ਪੈ ਗਿਆ। ਗੁੱਸੇ ਵਿੱਚ ਆਏ ਪਤੀ ਤੇ ਉਸ ਦੇ ਬਾਕੀ ਪਰਿਵਾਰ ਨੇ ਉਸ ਦੀ ਕੁੱਟਮਾਰ ਕੀਤੀ। ਤਕਰੀਬਨ ਡੇਢ ਘੰਟੇ ਤੱਕ ਉਸ ’ਤੇ ਤਸ਼ੱਦਦ ਕਰਨ ਤੋਂ ਬਾਅਦ ਉਸ ਨੂੰ ਉਸ ਦੇ ਪੇਕੇ ਪਰਿਵਾਰ ਕੋਲ ਛੱਡ ਦਿੱਤਾ।

ਇਸ ਤੋਂ ਬਾਅਦ ਪੀੜਤਾ ਦੇ ਪੇਕੇ ਪਰਿਵਾਰ ਨੇ ਉਸ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪਿਛਲੇ ਚਾਰ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਉਹ ਆਪਣੀ ਡੇਢ ਸਾਲ ਦੀ ਬੱਚੀ ਸਮੇਤ ਹਸਪਤਾਲ ਵਿੱਚ ਰਹਿ ਰਹੀ ਹੈ। ਪੀੜਤਾ ਇਸ ਮਾਮਲੇ ਵਿੱਚ ਲਗਾਤਾਰ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਅਜੇ ਤੱਕ ਥਾਣੇ ਨਹੀਂ ਪਹੁੰਚੀ। ਮੀਡੀਆ ਦੇ ਦਖ਼ਲ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਦਾ ਭਰੋਸਾ ਦੇ ਰਹੀ ਹੈ।

ਪੂਰਾ ਮਾਮਲਾ

ਪੀੜਤਾ ਰੁਪਿੰਦਰ ਕੌਰ ਵਾਸੀ ਪਿੰਡ ਕੌਲਪੁਰ ਨੇ ਦੱਸਿਆ ਕਿ 2 ਸਾਲ ਪਹਿਲਾਂ ਟਾਂਡਾ ਉੜਮੁੜ ਵਿਖੇ ਉਸ ਦਾ ਵਿਆਹ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਅਕਸਰ ਤਸੀਹੇ ਦਿੱਤੇ ਜਾਂਦੇ ਸਨ ਕਿਉਂਕਿ ਉਸ ਦੇ ਪੇਕੇ ਪਰਿਵਾਰ ਵਾਲੇ ਗ਼ਰੀਬ ਹਨ।

ਰੁਪਿੰਦਰ ਕੌਰ ਨੇ ਦੱਸਿਆ ਕਿ ਬੀਤੀ 8 ਮਈ ਨੂੰ ਸ਼ਾਮ 5 ਵਜੇ ਦੇ ਕਰੀਬ ਘਰ ਵਿੱਚ ਬੈਠ ਕੇ ਸਾਰੇ ਮੈਂਗੋ ਸ਼ੇਕ ਪੀ ਰਹੇ ਸਨ। ਇਸੇ ਦੌਰਾਨ ਉਸ ਸੱਸ ਨੇ ਉਸ ਨੂੰ ਜਲਦੀ ਸ਼ੇਕ ਪੀਣ ਲਈ ਕਿਹਾ ਤੇ ਉਸ ਨੂੰ ਗਾਲ੍ਹਾਂ ਕੱਢੀਆਂ। ਇਸ ਤੋਂ ਬਾਅਦ ਉਸ ਦਾ ਪਤੀ ਤੇ ਸਹੁਰਾ ਵੀ ਬੋਲਣ ਲੱਗ ਪਏ।

ਫਿਰ ਉਸ ਦਾ ਪਤੀ ਮੈਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਉਸ ਦੇ ਸਰੀਰ ਦੇ ਕਈ ਹਿੱਸਿਆਂ ’ਤੇ ਵਾਰ ਕੀਤੇ। ਅਵਾਜ਼ ਘਰੋਂ ਬਾਹਰ ਨਾ ਜਾ ਸਕੇ, ਇਸ ਲਈ ਉਸ ਦੇ ਪਤੀ ਨੇ ਉਸ ਦੇ ਮੂੰਹ ਵਿੱਚ ਜ਼ੁਰਾਬਾਂ ਭਰ ਦਿੱਤੀਆਂ। ਉਸ ਨੇ ਕਿਹਾ ਕਿ ਉਹ ਕਮਰੇ ਤੋਂ ਭੱਜਣ ਦੀ ਕੋਸ਼ਿਸ਼ ਕਰਦੀ ਰਹੀ ਪਰ ਸਹੁਰਾ ਪਰਿਵਾਰ ਉਸ ਨੂੰ ਵਾਰ-ਵਾਰ ਤੰਗ ਕਰਦਾ ਰਿਹਾ।

ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦੀ ਇੱਕ ਮਹੀਨੇ ਦੀ ਪ੍ਰੈਗਨੈਂਸੀ ਤੇ ਅਸਰ ਪਿਆ ਜਿਸ ਕਰਕੇ ਉਸ ਦਾ ਗਰਭਪਾਤ ਹੋ ਗਿਆ। ਸਹੁਰੇ ਪਰਿਵਾਰ ਨੇ ਉਸ ਨੂੰ ਡੇਢ ਘੰਟੇ ਤੱਕ ਸਟੋਰ ਰੂਮ ਵਿੱਚ ਬੰਦ ਰੱਖਿਆ ਤਾਂ ਜੋ ਇਲਾਕੇ ਵਿੱਚ ਆਂਢੀ-ਗੁਆਂਢੀ ਉਸ ਦੀਆਂ ਚੀਕਾਂ ਨਾ ਸੁਣ ਸਕਣ। ਫਿਰ ਪਤੀ ਤੇ ਉਸ ਦੇ ਪਰਿਵਾਰ ਨੇ ਪੀੜਤਾ ਨੂੰ ਰੌਲਾ ਨਾ ਪਾਉਣ ਦੀ ਸ਼ਰਤ ’ਤੇ ਬਾਹਰ ਕੱਢਿਆ। ਇਸ ਤੋਂ ਬਾਅਦ ਸਹੁਰੇ ਤੇ ਸੱਸ ਨੇ ਉਸ ਨੂੰ ਕਾਰ ਵਿੱਚ ਬਿਠਾਇਆ ਤੇ ਪੇਕੇ ਘਰ ਛੱਡ ਦਿੱਤਾ।

Exit mobile version