ਬਿਉਰੋ ਰਿਪੋਰਟ: ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨੇ ਭਾਜਪਾ ਗੱਠਜੋੜ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦੀ ਸ਼੍ਰੋਮਣੀ ਕਮੇਟੀ ਅਤੇ ਕਈ ਸਿੱਖ ਆਗੂਆਂ ਨੇ ਵਿਆਪਕ ਨਿਖੇਧੀ ਕੀਤੀ ਹੈ। ਹਰਮਨ ਸਿੰਘ ਖਾਲਸਾ ਵੱਲੋਂ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਲਈ ਭਾਜਪਾ ਨੂੰ ਸਮਰਥਨ ਦੇਣ ਲਈ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਭਾਜਪਾ ਗੱਠਜੋੜ ਦੀ ਸਰਕਾਰ ਨੂੰ ਵੋਟਾਂ ਪਾਉਣ ਦੀ ਸਪੱਸ਼ਟ ਅਪੀਲ ਕੀਤੀ ਗਈ ਹੈ।
ਹਰਨਾਮ ਸਿੰਘ ਖ਼ਾਲਸਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਵਿੱਚ ਖਲਬਲੀ ਮੱਚ ਗਈ ਹੈ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਸਿੱਖ ਸੰਗਤ ਲਈ ਦਿੱਤਾ ਗਿਆ ਅਜਿਹਾ ਬਿਆਨ ਹੈਰਾਨੀਜਨਕ ਹੈ। ਸਾਬਕਾ ਅਕਾਲੀ ਆਗੂ ਵਲਟੋਹਾ ਨੇ ਵੀ ਕਿਹਾ ਹੈ ਉਹ ਅਜਿਹੇ ਬਿਆਨ ਤੋਂ ਹੈਰਾਨ ਹਨ। ਉਨ੍ਹਾਂ ਹਰਨਾਮ ਸਿੰਘ ਖ਼ਾਲਸਾ ਕੋਲੋਂ ਇਸ ਬਾਰੇ ਸਪੱਸ਼ਟੀਕਰਨ ਮੰਗਿਆ ਹੈ ਤਾਂ ਜੋ ਉਨ੍ਹਾਂ ਦੇ ਮਨ ਦੀ ਗੱਲ ਪਤਾ ਲਾਈ ਜਾ ਸਕੇ।
ਦਮਦਮੀ ਟਕਸਾਲ ਦੇ ਮੁਖੀ ਨੇ ਕੀ ਕਿਹਾ
ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਂ ਗਠਜੋੜ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਅਧਿਕਾਰਿਤ ਐਲਾਨ ਕੀਤਾ ਹੈ। ਪਿਛਲੇ 2.5 ਸਾਲਾਂ ਵਿੱਚ ਸਰਕਾਰ ਨੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖਾਂ, ਹਿੰਦੂ ਪੰਜਾਬੀਆਂ, ਲੁਭਾਣਿਆਂ, ਸਿਕਲੀਗਰਾਂ, ਸਿੰਧੀਆਂ ਅਤੇ ਬੰਜਾਰਾਂ ਦੀ ਭਲਾਈ ਅਤੇ ਉੱਨਤੀ ਲਈ ਨੀਤੀਆਂ ਲਾਗੂ ਕੀਤੀਆਂ ਹਨ। ਜਿਨ੍ਹਾਂ ਨੇ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਸਰਕਾਰ ਨੇ ਇਨ੍ਹਾਂ ਭਾਈਚਾਰਿਆਂ ਲਈ ਲਾਭਕਾਰੀ ਐਲਾਨ ਹੀ ਨਹੀਂ ਕੀਤੇ ਹਨ, ਸਗੋਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਵੀ ਇਤਿਹਾਸਕ ਕਦਮ ਚੁੱਕੇ ਗਏ ਹਨ। ਹਾਲ ਹੀ ਵਿੱਚ ਪਹਿਲੀ ਵਾਰ ਮਹਾਰਾਸ਼ਟਰ ਰਾਜ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਨਾਮਜ਼ਦ ਮੈਂਬਰਾਂ ਵਾਲੀ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦੁਆਰਾ ਘੱਟ ਗਿਣਤੀ ਕਮਿਸ਼ਨ, ਮਹਾਰਾਸ਼ਟਰ ਸਰਕਾਰ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ। ਜੋ ਸਿੱਖ ਕੌਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾਕ੍ਰਮ ਦੀ ਨਿਸ਼ਾਨਦੇਹੀ ਕਰਦਾ ਹੈ।
ਇਸ ਤੋਂ ਇਲਾਵਾ, ਮਹਾਰਾਸ਼ਟਰ ਸਰਕਾਰ ਦੇ ਘੱਟ-ਗਿਣਤੀ ਕਮਿਸ਼ਨ ਲਈ ਇੱਕ ਸਿੱਖ ਮੈਂਬਰ ਨਿਯੁਕਤ ਕੀਤਾ ਗਿਆ ਹੈ, ਉਹ ਪਹਿਲਕਦਮੀਆਂ ਜੋ ਸਿੱਖ ਭਾਈਚਾਰੇ ਦੀ ਭਲਾਈ ਅਤੇ ਤਰੱਕੀ ਪ੍ਰਤੀ ਸਰਕਾਰ ਦੇ ਇਰਾਦੇ ਅਤੇ ਵਚਨਬੱਧਤਾ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੀਆਂ ਹਨ।