The Khalas Tv Blog Punjab ‘70 ਦੀ ਉਮਰ ਹੋ ਗਈ ਹੈ, ਸਿਰਫ਼ 4 ਹੀ ਗੁਨਾਹਾਂ ਦੀ ਮੁਆਫੀ!’ ਅੰਮ੍ਰਿਤਪਾਲ ਦੇ ਘਰ ਜਾਣੇ ਪਿੱਛੇ ਕੀ ਮਕਸਦ?
Punjab

‘70 ਦੀ ਉਮਰ ਹੋ ਗਈ ਹੈ, ਸਿਰਫ਼ 4 ਹੀ ਗੁਨਾਹਾਂ ਦੀ ਮੁਆਫੀ!’ ਅੰਮ੍ਰਿਤਪਾਲ ਦੇ ਘਰ ਜਾਣੇ ਪਿੱਛੇ ਕੀ ਮਕਸਦ?

ਬਿਉਰੋ ਰਿਪੋਰਟ – ਅਕਾਲੀ ਦਲ ਦੇ ਬਾਗ਼ੀ ਗੁੱਟ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਮੰਗ ਕੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਤਾਂ ਚੰਡੀਗੜ੍ਹ ਵਿੱਚ ਪਾਰਟੀ ਪ੍ਰਧਾਨ ਨੇ ਵੀ ਆਪਣੀ ਸਿਆਸੀ ਤਾਕਤ ਵਿਖਾਈ। ਪਾਰਟੀ ਦੀ ਇਸਤਰੀ ਵਿੰਗ ਦੇ ਨਾਲ ਮੀਟਿੰਗ ਤੋਂ ਬਾਅਦ ਪ੍ਰਧਾਨ ਹਰਗੋਬਿੰਦਰ ਕੌਰ ਨੇ ਕਿਹਾ ਸਾਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ’ਤੇ ਪੂਰਾ ਭਰੋਸਾ ਹੈ।

ਉੱਧਰ ਅਕਾਲੀ ਦਲ ਦੀ ਐੱਸਸੀ ਵਿੰਗ ਨੇ ਵੀ ਸੁਖਬੀਰ ਬਾਦਲ ’ਤੇ ਭਰੋਸਾ ਜਤਾਉਂਦੇ ਹੋਏ ਵਿਰੋਧੀ ਧੜੇ ਖ਼ਿਲਾਫ਼ ਤਿੱਖੇ ਇਲਜ਼ਾਮ ਲਗਾਏ। ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਬਾਗ਼ੀ ਉਹ ਆਗੂ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਪਾਲੇ ਹਨ। ਉਹ ਆਪਣੀ ਅਹੁਦੇ ਦੀ ਭੁੱਖ ਨੂੰ ਲੈ ਕੇ ਅਜਿਹੀ ਬਿਆਨਬਾਜ਼ੀਆਂ ਕਰ ਰਹੇ ਹਨ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਲਜ਼ਾਮ ਲਗਾਇਆ ਕਿ ਲੰਮੇ ਸਮੇਂ ਤੋਂ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਬਾਗ਼ੀਆਂ ਨੂੰ ਜੇਕਰ ਕਿਸੇ ਮੁੱਦੇ ’ਤੇ ਇਤਰਾਜ਼ ਸੀ ਤਾਂ ਪਾਰਟੀ ਪਲੇਟਫਾਰਮ ਤੇ ਰੱਖਣੀ ਚਾਹੀਦੀ ਸੀ। ਪਰ ਉਨ੍ਹਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਮਕਸਦ ਕੁਝ ਹੋਰ ਹੈ।

ਚੀਮਾ ਨੇ ਕਿਹਾ ਅੱਜ ਸ੍ਰੀ ਅਕਾਲ ਤਖਤ ’ਤੇ ਜਾ ਕੇ ਵਿਰੋਧੀ ਧਿਰ ਨੇ ਸਿਰਫ਼ ਸਿਆਸਤ ਕੀਤੀ ਹੈ। ਉਨ੍ਹਾਂ ਕਿਹਾ ਵਿਰੋਧੀ ਧੜੇ ਨੇ ਐਲਾਨ ਕੀਤਾ ਸੀ ਅਸੀਂ ਸ੍ਰੀ ਅਕਾਲ ਤਖ਼ਤ ਜਾਵਾਂਗੇ ਪਰ ਪਹਿਲਾਂ ਉਹ ਪਹੁੰਚ ਗਏ ਅੰਮ੍ਰਿਤਪਾਲ ਸਿੰਘ ਦੇ ਘਰ, ਯਾਨੀ ਉਨ੍ਹਾਂ ਦੇ ਦਿਮਾਗ ਵਿੱਚ ਪਹਿਲਾਂ ਸਿਆਸਤ ਸੀ।

ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਜਿਹੜੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਗਏ ਸੀ, ਉਨ੍ਹਾਂ ਨੇ ਸਿਰਫ ਚਾਰ ਚੀਜ਼ਾ ਦੇ ਲਈ ਮੁਆਫ਼ੀ ਮੰਗੀ ਜਦਕਿ ਜ਼ਿਆਦਾਤਰ ਆਗੂਆਂ ਦੀ ਉਮਰ 70 ਪਾਰ ਹੈ। ਉਨ੍ਹਾਂ ਨੇ ਆਪਣੀ ਉਮਰ ਭਰ ਦੀਆਂ ਗਲਤੀਆਂ ਨਹੀਂ ਮੰਨੀਆਂ, ਸਿਰਫ ਚਾਰ ਤੱਕ ਹੀ ਸੀਮਤ ਰਹੇ, ਕੋਈ ਤਾਂ ਸੱਚ ਬੋਲਦਾ। ਸਾਰੀਆਂ ਚੀਜ਼ਾ ਦੂਜੇ ਬਾਰੇ ਲਿਖੀਆਂ, ਆਪਣੇ ਬਾਰੇ ਕੁਝ ਨਹੀਂ ਲਿਖਿਆ ਹੈ।

Exit mobile version