The Khalas Tv Blog Punjab ਦਲਿਤ ਤੇ ਘੱਟ ਗਿਣਤੀ ਜਥੇਬੰਦੀਆਂ ਨੇ 100 ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਵਾਈ ਦੇਗ
Punjab

ਦਲਿਤ ਤੇ ਘੱਟ ਗਿਣਤੀ ਜਥੇਬੰਦੀਆਂ ਨੇ 100 ਸਾਲ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਵਿਖੇ ਕਰਵਾਈ ਦੇਗ

Several Dalit and Sikh organisations March at Heritage street observe the anniversary of an event pertaining to ‘khule darshan didar’ (opening doors) of Golden Temple and offer ‘karah parshad’ officially for the Dalit Sikhs, the rights restored on October 12, 1920 in Amritsar on Monday photo vishal kumar…

‘ਦ ਖ਼ਾਲਸ ਬਿਊਰੋ :- ਕੱਲ੍ਹ 12 ਅਕਤੂਬਰ ਨੂੰ ਦਲਿਤ ਤੇ ਘੱਟ ਗਿਣਤੀ ਜਥੇਬੰਦੀਆਂ ਹੋਰਾਂ ਨਾਲ ਮਿਲ ਕੇ ਕਰੀਬ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੀ ਯਾਦ ਵਿੱਚ ਮੁੜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵੇਸ਼ ਕਰ ਸਮਾਗਮ ਕੀਤਾ ਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਇਸ ਮੌਕੇ ਸ਼੍ਰੀ ਅਕਾਲ ਤਖ਼ਤ ’ਚ ਅਰਦਾਸ ਵੀ ਕਰਵਾਈ ਗਈ ਅਤੇ ਮੰਗ ਪੱਤਰ ਵੀ ਸੌਂਪਿਆ ਗਿਆ।

ਭਾਈ ਗੁਰਦਾਸ ਹਾਲ ’ਚ ਹੋਏ ਸਮਾਗਮ ਦੌਰਾਨ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਗੁਰਬਾਣੀ ਦੇ ਕੀਰਤਨ ਮਗਰੋਂ ਸੌ ਸਾਲ ਪਹਿਲਾਂ ਵਾਪਰੀ ਘਟਨਾ ਦੇ ਇਤਿਹਾਸ ’ਤੇ ਚਾਨਣਾ ਪਾਇਆ ਗਿਆ। ਜਥੇਬੰਦੀ ਦੇ ਪ੍ਰਧਾਨ ਡਾ. ਕਸ਼ਮੀਰ ਸਿੰਘ ਖੁੰਡਾ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਜਦੋ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰੂਧਾਮਾਂ ’ਤੇ ਮਹੰਤ ਕਾਬਜ਼ ਹੋ ਗਏ ਸਨ ਤਾਂ ਉਨ੍ਹਾਂ ਦਲਿਤ ਸਿੱਖਾਂ ਨੂੰ ਗੁਰੂਘਰਾਂ ’ਚ ਆਉਣ ਤੋਂ ਰੋਕ ਦਿੱਤਾ ਸੀ ਅਤੇ ਕੜਾਹ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ ਸੀ।

ਇਸ ਸਬੰਧ ਵਿੱਚ 10, 11 ਅਤੇ 12 ਅਕਤੂਬਰ 1920 ਵਿੱਚ ਜੱਲ੍ਹਿਆਂਵਾਲਾ ਬਾਗ ਵਿੱਚ ਇਕੱਠ ਕੀਤਾ ਗਿਆ। ਦੋ ਦਿਨ ਦੀਵਾਨ ਚੱਲੇ ਤੇ 12 ਅਕਤੂਬਰ ਵਾਲੇ ਦਿਨ ਖਾਲਸਾ ਕਾਲਜ ਦੇ ਪ੍ਰੋ. ਤੇਜਾ ਸਿੰਘ ਭੁੱਚਰ, ਪ੍ਰੋ. ਨਰਿੰਜਨ ਸਿੰਘ, ਦਲਿਤ ਸਿੱਖ ਆਗੂ ਮਹਿਤਾਬ ਸਿੰਘ, ਕਰਤਾਰ ਸਿੰੰਘ ਝੱਬਰ ਤੇ ਹੋਰਨਾਂ ਨਾਲ ਦਲਿਤ ਸਿੱਖ ਭਾਈਚਾਰੇ ਦੀ ਸੰਗਤ ਸ਼੍ਰੀ ਦਰਬਾਰ ਸਾਹਿਬ ਪੁੱਜੀ, ਜਿੱਥੇ ਕਾਬਜ਼ ਮਹੰਤਾਂ ਨਾਲ ਉਨ੍ਹਾਂ ਦੀ ਤਕਰਾਰ ਹੋਈ ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣ ’ਤੇ ਗੱਲ ਮੁਕੀ। ਹੁਕਮਨਾਮਾ ਹੱਕ ਵਿੱਚ ਆਇਆ ਤਾਂ ਮਹੰਤ ਛੱਡ ਕੇ ਭੱਜ ਗਏ। ਉਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਗਈ ਅਤੇ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ।

ਅੱਜ ਵੀ 100 ਸਾਲ ਪਹਿਲਾਂ ਵਾਂਗ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਥਮ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਆਖਿਆ ਕਿ ਇਸ ਲਹਿਰ ਵਿਚੋਂ ਹੀ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੀ ਰਾਜਸੀ ਜਥੇਬੰਦੀ ਵਜੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿਚ ਆਏ ਹਨ। ਉਨ੍ਹਾਂ ਆਖਿਆ ਕਿ ਇਹ ਦਿਨ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜੋਸ਼ੋ-ਖਰੋਸ਼ ਨਾਲ ਮਨਾਉਣਾ ਚਾਹੀਦਾ ਸੀ। ਉਨਾਂ ਆਖਿਆ ਕਿ ਇਸ ਘਟਨਾ ਦੇ 100 ਸਾਲ ਬੀਤਣ ਮਗਰੋ ਅੱਜ ਚਿੰਤਨ ਤੇ ਮੰਥਨ ਦੀ ਲੋੜ ਹੈ। ਭਾਈ ਮਰਦਾਨਾ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸ਼ੁਰੂ ਤੋਂ ਹੀ ਭਾਈ ਮਰਦਾਨਾ ਨੂੰ ਨਾਲ ਰੱਖਿਆ ਸੀ। ਉਨ੍ਹਾਂ ਆਖਿਆ,‘‘ਸੰਗਤ ਤੇ ਪੰਗਤ ਦਾ ਸਿਧਾਂਤ ਖ਼ਤਮ ਹੁੰਦਾ ਜਾ ਰਿਹਾ ਹੈ, ਪਿੰਡਾਂ ਵਿਚ ਜਾਤਾਂ ’ਤੇ ਆਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ, ਅਤੇ ਮੁੜ ਪੁਰਾਤਨ ਸਿਧਾਂਤਾਂ ’ਤੇ ਚੱਲਣ ਦੀ ਲੋੜ ਹੈ।

ਗੁਰੂ ਸਿਧਾਂਤ ਨਾਲ ਸਿਆਸਤ ਨਹੀਂ ਹੋਣੀ ਚਾਹੀਦੀ ਹੈ।’’ ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਨੇ ਮੰਗ ਰੱਖੀ ਕਿ ਖਾਲਸਾ ਕਾਲਜ ਦੇ ਵਿਦਿਅਕ ਅਦਾਰਿਆਂ ਵਿਚ ਦਲਿਤ ਸਿੱਖ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਦੌਰਾਨ ਪ੍ਰੋਫੈਸਰ ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਦੇ ਪਰਿਵਾਰ ਵਿੱਚੋਂ ਵੀ ਮੈਂਬਰ ਪੁੱਜੇ ਹੋਏ ਸਨ, ਜਿਨ੍ਹਾਂ ਵਿਚ ਭੁਪਿੰਦਰ ਸਿੰੰਘ ਅਤੇ ਹਰਚਰਨ ਸਿੰਘ ਸ਼ਾਮਲ ਸਨ। ਇਸੇ ਤਰ੍ਹਾਂ ਦੇਗ ਲੈ ਕੇ ਜਾਣ ਵਾਲੇ ਪਾਲਾ ਸਿੰੰਘ ਦੇ ਪਰਿਵਾਰ ਵਿਚੋਂ ਕ੍ਰਿਪਾਲ ਸਿੰਘ ਰਾਹੀ ਸ਼ਾਮਲ ਸਨ।

ਉਨ੍ਹਾਂ ਨੂੰ ਪ੍ਰਬੰਧਕਾਂ ਨੇ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਵਿੱਚ ਖਾਲਸਾ ਕਾਲਜ ਸਕੂਲ ਦੇ ਪ੍ਰਿੰਸੀਪਲ ਤੇ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰੰਘ ਗੋਗੋਆਣੀ, ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਗੁਰੂ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਤੋਂ ਸ਼ਾਮ ਸਿੰਘ, ਗਲੋਬਲ ਸਿੱਖ ਕੌਂਸਲ ਵਲੋਂ ਗੁਰਪ੍ਰੀਤ ਸਿੰਘ, ਸ਼ਹੀਦ ਬਾਬਾ ਬੀਰ ਸਿੰਘ ਫਾਉੂਂਡੇਸ਼ਨ ਦੇ ਨੁਮਾਇੰਦੇ ਸਮੇਤ ਸਿੱਖ ਵਿਦਵਾਨ ਪ੍ਰੋ. ਮਨਜੀਤ ਸਿੰਘ, ਪ੍ਰੋ. ਜਗਦੀਸ਼ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਜਗਦੇਵ ਸਿੰਘ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ। ਜਥੇਬੰਦੀ ਦੇ ਸਰਪ੍ਰਸਤ ਡਾ. ਰਾਜ ਕੁਮਾਰ ਹੰਸ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Exit mobile version