ਬਿਊਰੋ ਰਿਪੋਰਟ (ਇਸਲਾਮਾਬਾਦ/ਕਾਬੁਲ, 6 ਦਸੰਬਰ 2025): ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਚਮਨ-ਸਪਿਨ ਬੋਲਦਕ ਸਰਹੱਦ ’ਤੇ ਸ਼ੁੱਕਰਵਾਰ ਦੇਰ ਰਾਤ ਇੱਕ ਵਾਰ ਫਿਰ ਭਾਰੀ ਗੋਲੀਬਾਰੀ ਹੋਈ। ਗੋਲੀਬਾਰੀ ਰਾਤ ਕਰੀਬ 10 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ। ਇਸ ਘਟਨਾ ਵਿੱਚ 4 ਅਫ਼ਗਾਨੀਆਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ ਹਨ।
ਗੋਲੀਬਾਰੀ ਸ਼ੁਰੂ ਹੋਣ ਲਈ ਦੋਵੇਂ ਗੁਆਂਢੀ ਦੇਸ਼ ਇੱਕ-ਦੂਜੇ ’ਤੇ ਪਹਿਲ ਕਰਨ ਦਾ ਇਲਜ਼ਾਮ ਲਾ ਰਹੇ ਹਨ।
ਅਫ਼ਗਾਨ ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਨੇ ਸਭ ਤੋਂ ਪਹਿਲਾਂ ਕੰਧਾਰ ਸੂਬੇ ਦੇ ਸਪਿਨ ਬੋਲਦਕ ਖੇਤਰ ਵਿੱਚ ਹਮਲਾ ਕੀਤਾ, ਜਿਸ ਦੇ ਜਵਾਬ ਵਿੱਚ ਉਨ੍ਹਾਂ ਦੀਆਂ ਫੌਜਾਂ ਨੇ ਜਵਾਬੀ ਕਾਰਵਾਈ ਕੀਤੀ।
ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਅਫ਼ਗਾਨ ਸੈਨਾ ਨੇ ਬਿਨਾਂ ਕਿਸੇ ਉਕਸਾਹਟ ਦੇ ਚਮਨ ਸਰਹੱਦ ’ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪਾਕਿਸਤਾਨੀ ਫੌਜਾਂ ਨੇ ਮੂੰਹਤੋੜ ਜਵਾਬ ਦਿੱਤਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਬੁਲਾਰੇ ਮੋਸ਼ੱਰਫ਼ ਜ਼ੈਦੀ ਨੇ ਕਿਹਾ, “ਪਾਕਿਸਤਾਨ ਆਪਣੀ ਸਰਹੱਦ ਅਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਅਤੇ ਤਿਆਰ ਹੈ।”
ਇਹ ਹਮਲਾ ਦੋਵਾਂ ਦੇਸ਼ਾਂ ਵਿਚਾਲੇ ਹੋਈ ਸ਼ਾਂਤੀ ਵਾਰਤਾ ਤੋਂ ਸਿਰਫ਼ 48 ਘੰਟੇ ਬਾਅਦ ਹੋਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਹੋਈ ਇਹ ਗੱਲਬਾਤ ਕਿਸੇ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੀ ਸੀ।

