The Khalas Tv Blog Punjab ਪੰਜਾਬ ‘ਚ ਸਕੂਲ ਸਿੱਖਿਆ ਨੂੰ ਵਧੀਆ ਬਣਾਉਣ ਲਈ ਮਿਲੇ ਕਰੋੜਾਂ ਰੁਪਏ
Punjab

ਪੰਜਾਬ ‘ਚ ਸਕੂਲ ਸਿੱਖਿਆ ਨੂੰ ਵਧੀਆ ਬਣਾਉਣ ਲਈ ਮਿਲੇ ਕਰੋੜਾਂ ਰੁਪਏ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਦੇ ਆਧੁਨਿਕੀਕਰਨ, ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਅਤੇ ਸਹਾਇਕ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਮੌਜੂਦਾ ਵਿੱਤੀ ਸਾਲ 2021-22 ਲਈ ਸਾਲਾਨਾ ਕਾਰਜ ਯੋਜਨਾ ਅਤੇ ਬਜਟ ਅਧੀਨ 2941.83 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਵਿਨੀ ਮਹਾਜਨ ਨੇ ਪੰਜਾਬ ਵਿੱਚ ਸਕੂਲ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਕਲਪ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।

ਵਿਨੀ ਮਹਾਜਨ ਨੇ ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਵਿੱਦਿਅਕ ਢੰਗਾਂ ਨਾਲ ਗੁਣਾਤਮਕ ਅਤੇ ਪ੍ਰਤੀਯੋਗੀ ਸਿੱਖਿਆ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨ ਅਤੇ ਇਸ ਮੁਕਾਬਲੇ ਦੇ ਯੁੱਗ ਵਿੱਚ ਉਨ੍ਹਾਂ ‘ਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ ਦੀ ਹਦਾਇਤ ਦਿੱਤੀ।

ਵਿਨੀ ਮਹਾਜਨ ਨੇ ਕਿਹਾ ਕਿ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 591.25 ਕਰੋੜ ਰੁਪਏ, ਜਦਕਿ ਆਈਸੀਟੀ ਅਤੇ ਡਿਜੀਟਲ ਪਹਿਲਕਦਮੀਆਂ ਲਈ 250.84 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਏਡਬਲਿਊਪੀ ਅਤੇ ਬੀ ਦੇ ਪ੍ਰਮੁੱਖ ਹਿੱਸਿਆਂ, ਜਿਵੇਂ ਪ੍ਰੀ-ਪ੍ਰਾਇਮਰੀ ਸਿੱਖਿਆ, ਅਧਿਆਪਕਾਂ ਦੀ ਸਿਖਲਾਈ, ਤਨਖਾਹ, ਕਿੱਤਾਮੁਖੀ ਸਿੱਖਿਆ, ਸਮੁੱਚੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਪਾਠ ਪੁਸਤਕਾਂ ਮੁਹੱਈਆ ਕਰਵਾਉਣ ਲਈ 1296.14 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 280 ਸਕੂਲਾਂ ਨੂੰ ਅਪਗ੍ਰੇਡ ਕਰਨ, 2,761 ਹੋਰ ਕਲਾਸਰੂਮ ਦੀ ਉਸਾਰੀ, 3,217 ਸਮਾਰਟ ਕਲਾਸਰੂਮ, 531 ਲਾਇਬ੍ਰੇਰੀ ਕਮਰੇ ਅਤੇ 171 ਵਿਗਿਆਨ ਪ੍ਰਯੋਗਸ਼ਾਲਾਵਾਂ ਦੇ ਨਿਰਮਾਣ ਦਾ ਕਾਰਜ ਜ਼ੋਰਾਂ-ਸ਼ੋਰ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਸੂਬੇ ਭਰ ਦੇ ਸਕੂਲਾਂ ਵਿੱਚ 2,666 ਸੋਲਰ ਪੈਨਲ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 2020-21 ਦੌਰਾਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਿੱਚ 15.07 ਫ਼ੀਸਦ ਦਾ ਵਾਧਾ ਦਰਜ ਕਰਨ ਦੇ ਨਾਲ-ਨਾਲ ਹੁਣ ਤੱਕ ਸੂਬੇ ਵਿੱਚ 12,976 ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤੇ ਜਾ ਚੁੱਕੇ ਹਨ।

Exit mobile version