ਪੰਜਾਬ ਨੈਸ਼ਨਲ ਬੈਂਕ ਦੀ ਸਹਾਰਨਪੁਰ ਬਰਾਂਚ ਵਿਚ ਨਕਲੀ ਨੋਟਾਂ ਦਾ ਮਾਮਲਾ ਇੱਕ ਗੰਭੀਰ ਘਟਨਾ ਹੈ ਜਿਸ ਨੇ ਬੈਂਕਿੰਗ ਸਿਸਟਮ ਦੀ ਸੁਰੱਖਿਆ ਬਾਰੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਯੂਪੀ ਦੇ ਸਹਾਰਨਪੁਰ ਵਿਖੇ ਘੰਟਾਘਰ ਸਥਿਤ ਸੋਫਿਆ ਮਾਰਕਿਟ ਵਾਲੀ ਪੀਐਨਬੀ ਬਰਾਂਚ ਦੇ ਕਰੰਸੀ ਚੈਸਟ ਤੋਂ ਲਗਭਗ ਸਾਢੇ ਸੱਤ ਕਰੋੜ ਰੁਪਏ ਦੀ ਨਕਲੀ ਕਰੰਸੀ ਫੜੀ ਗਈ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਅਗਸਤ ਮਹੀਨੇ ਇਸ ਬਰਾਂਚ ਤੋਂ ਜੈਪੁਰ ਭੇਜੀ ਗਈ ਰਕਮ ਘੱਟ ਮਿਲੀ।
ਬਰਾਂਚ ਵਿਚ ਪਾਰਟ-ਟਾਈਮ ਹਾਊਸਕੀਪਰ ਵਿਸ਼ਾਲ ਕੁਮਾਰ ਨੂੰ ਕਰੰਸੀ ਖਜ਼ਾਨੇ ਵਿਚ 11.50 ਕਰੋੜ ਰੁਪਏ ਦੇ ਨੋਟਾਂ ਦੀਆਂ ਗੱਡੀਆਂ ਵੱਖ-ਵੱਖ ਕਰਨ ਦਾ ਕੰਮ ਦਿੱਤਾ ਗਿਆ ਸੀ। ਇਨ੍ਹਾਂ ਨੋਟਾਂ ਵਿਚ ਗਲੇ, ਕੱਟੇ ਅਤੇ ਹੋਰ ਕਿਸਮ ਦੇ ਨੋਟ ਸ਼ਾਮਲ ਸਨ ਜਿਨ੍ਹਾਂ ਨੂੰ ਆਰਬੀਆਈ ਦੇ ਜੈਪੁਰ ਕਰੰਸੀ ਚੈਸਟ ਵਿਚ ਭੇਜਣਾ ਸੀ। ਪੰਜ ਅਗਸਤ ਨੂੰ ਰਕਮ ਭੇਜੀ ਗਈ ਪਰ ਉੱਥੇ ਗਿਣਤੀ ਤੋਂ ਬਾਅਦ 4 ਲੱਖ 30 ਹਜ਼ਾਰ 900 ਰੁਪਏ ਘੱਟ ਮਿਲੇ। ਜੈਪੁਰ ਵੱਲੋਂ ਇਸ ਬਾਰੇ ਮੇਰਠ ਪੀਐਨਬੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਚੀਫ ਮੈਨੇਜਰ ਅਰੁਣ ਕੁਮਾਰ ਚੌਬੇ ਨੂੰ ਜਾਂਚ ਲਈ ਭੇਜਿਆ ਗਿਆ। ਸੀਸੀਟੀਵੀ ਫੁਟੇਜ ਵਿਚ ਵਿਸ਼ਾਲ ਕੁਮਾਰ ਨੋਟਾਂ ਵਿਚੋਂ ਰੁਪਏ ਕੱਢਦਾ ਨਜ਼ਰ ਆਇਆ ਜਿਸ ਤੋਂ ਬਾਅਦ ਉਸ ਨੂੰ ਕੰਮ ਤੋਂ ਹਟਾ ਕੇ ਚੋਰੀ ਦਾ ਮਾਮਲਾ ਦਰਜ ਕਰਵਾਇਆ ਗਿਆ।
ਨੌਂ ਅਗਸਤ ਤੋਂ ਕਰੰਸੀ ਚੈਸਟ ਦਾ ਆਡਿਟ ਸ਼ੁਰੂ ਹੋਇਆ
ਨੌਂ ਅਗਸਤ ਤੋਂ ਕਰੰਸੀ ਚੈਸਟ ਦਾ ਆਡਿਟ ਸ਼ੁਰੂ ਹੋਇਆ ਤਾਂ ਹੋਰ ਵੱਡੀ ਗੜਬੜ ਸਾਹਮਣੇ ਆਈ। ਚੈਸਟ ਵਿਚ ਮੌਜੂਦ ਨਕਦੀ ਅਤੇ ਰਿਕਾਰਡ ਮਿਲਾਉਣ ਤੇ 7 ਕਰੋੜ 40 ਲੱਖ ਰੁਪਏ ਦੇ ਨਕਲੀ ਨੋਟ ਮਿਲੇ। ਇਸ ਨਾਲ ਬੈਂਕ ਅਧਿਕਾਰੀਆਂ ਵਿਚ ਹੜਕੰਪ ਮਚ ਗਿਆ। ਜਾਂਚ ਅਧਿਕਾਰੀ ਨੇ ਸੀਨੀਅਰ ਡਿਵੀਜ਼ਨਲ ਮੈਨੇਜਰ ਰਵੀ ਕੁਮਾਰ ਕਾਂਸੇ, ਕਰੰਸੀ ਚੈਸਟ ਮੈਨੇਜਰ ਸੁਸ਼ੀਲ ਕੁਮਾਰ ਅਤੇ ਯਮੁਨਾਨਗਰ-ਜਗਾਧਰੀ ਵਾਲੇ ਕਰੰਸੀ ਚੈਸਟ ਮੈਨੇਜਰ ਅਮਿਤ ਕੁਮਾਰ ਤੋਂ ਪੁੱਛਗਿੱਛ ਕੀਤੀ ਪਰ ਉਹ ਠੀਕ ਜਵਾਬ ਨਹੀਂ ਦੇ ਸਕੇ। ਚੀਫ ਮੈਨੇਜਰ ਦੀ ਸ਼ਿਕਾਇਤ ਤੇ ਤਿੰਨਾਂ ਮੈਨੇਜਰਾਂ ਅਤੇ ਹਾਊਸਕੀਪਰ ਖਿਲਾਫ਼ ਚੋਰੀ ਦਾ ਮਾਮਲਾ ਦਰਜ ਹੋ ਗਿਆ।
ਕਰੰਸੀ ਚੈਸਟ ਬੈਂਕ ਦਾ ਸੁਰੱਖਿਅਤ ਕੈਸ਼ ਸੈਂਟਰ ਹੁੰਦਾ ਹੈ ਜਿੱਥੇ ਵੱਡੀ ਮਾਤਰਾ ਵਿਚ ਨੋਟ ਰੱਖੇ ਜਾਂਦੇ ਹਨ ਅਤੇ ਲੋੜ ਪੈਣ ਤੇ ਹੋਰ ਬਰਾਂਚਾਂ ਨੂੰ ਭੇਜੇ ਜਾਂਦੇ ਹਨ। ਇੱਥੇ ਨੋਟਾਂ ਨੂੰ ਸਿਰਫ਼ ਗਿਣਿਆ ਹੀ ਨਹੀਂ ਜਾਂਦਾ ਸਗੋਂ ਪੰਜ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਪਹਿਲਾਂ ਮਸ਼ੀਨ ਰਾਹੀਂ ਅਸਲੀ-ਨਕਲੀ ਦੀ ਜਾਂਚ, ਫਿਰ ਸੀਸੀਟੀਵੀ ਨਿਗਰਾਨੀ, ਪੂਰਾ ਹਿਸਾਬ-ਕਿਤਾਬ, ਅਚਾਨਕ ਜਾਂਚਾਂ ਅਤੇ ਨਕਲੀ ਨੋਟ ਮਿਲਣ ਤੇ ਆਰਬੀਆਈ ਨੂੰ ਸੂਚਨਾ ਦਿੱਤੀ ਜਾਂਦੀ ਹੈ। ਇਸ ਤੋਂ ਸਾਫ਼ ਹੈ ਕਿ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਬਿਨਾਂ ਇੰਨੀ ਵੱਡੀ ਰਕਮ ਦੇ ਨਕਲੀ ਨੋਟ ਚੈਸਟ ਤੱਕ ਨਹੀਂ ਪਹੁੰਚ ਸਕਦੇ। ਇੱਕ ਪਾਰਟ-ਟਾਈਮ ਹਾਊਸਕੀਪਰ ਨੂੰ ਨੋਟਾਂ ਦੀਆਂ ਗੱਡੀਆਂ ਵੱਖ ਕਰਨ ਦਾ ਕੰਮ ਦੇਣਾ ਖੁਦ ਇੱਕ ਵੱਡਾ ਸਵਾਲ ਹੈ।
21 ਮੈਂਬਰੀ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ
ਪੀਐਨਬੀ ਦੀ 21 ਮੈਂਬਰੀ ਟੀਮ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਕਰੋੜਾਂ ਰੁਪਏ ਦੀ ਨਕਲੀ ਕਰੰਸੀ ਬੈਂਕਿੰਗ ਚੈਨਲ ਵਿਚ ਕਿੱਥੋਂ ਦਾਖਲ ਹੋਈ ਅਤੇ ਕਿਹੜੀ ਪ੍ਰਕਿਰਿਆ ਵਿਚੋਂ ਲੰਘ ਕੇ ਚੈਸਟ ਤੱਕ ਪਹੁੰਚੀ। ਟੀਮ ਸਿਰਫ਼ ਬਰਾਮਦਗੀ ਤੱਕ ਸੀਮਿਤ ਨਹੀਂ ਰਹੀ ਸਗੋਂ ਨਕਦੀ ਦੇ ਪੂਰੇ ਸਫ਼ਰ ਦੀ ਜਾਂਚ ਕਰ ਰਹੀ ਹੈ। ਕੈਸ਼ ਆਉਣ ਤੋਂ ਲੈ ਕੇ ਗਿਣਤੀ, ਛੱਟਣੀ, ਜਾਂਚ ਅਤੇ ਚੈਸਟ ਵਿਚ ਜਮ੍ਹਾਂ ਹੋਣ ਤੱਕ ਦੀ ਪ੍ਰਕਿਰਿਆ ਰਿਕਾਰਡ ਅਧਾਰ ਤੇ ਪਰਖੀ ਜਾ ਰਹੀ ਹੈ। ਇਸ ਨਾਲ ਇਹ ਜਾਣਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਨਕਲੀ ਨੋਟ ਕਿਸ ਪੜਾਅ ਤੇ ਸਿਸਟਮ ਦੀ ਪਕੜ ਤੋਂ ਬਾਹਰ ਰਹਿ ਗਏ।
ਨਕਦੀ ਦੀ ਪ੍ਰਾਪਤੀ ਅਤੇ ਆਵਾਜਾਈ ਨਾਲ ਸਬੰਧਤ ਰਿਕਾਰਡਾਂ ਦੀ ਜਾਂਚ ਚੱਲ ਰਹੀ ਹੈ। ਕਿਸ ਤਾਰੀਖ ਨੂੰ ਕਿੰਨਾ ਕੈਸ਼ ਆਇਆ, ਕਿੱਥੋਂ ਆਇਆ ਅਤੇ ਕਿਸ ਤਰੀਕੇ ਨਾਲ ਚੈਸਟ ਤੱਕ ਪਹੁੰਚਾਇਆ ਗਿਆ, ਇਨ੍ਹਾਂ ਸਾਰੇ ਬਿੰਦੂਆਂ ਨੂੰ ਮਿਲਾਇਆ ਜਾ ਰਿਹਾ ਹੈ। ਗਿਣਤੀ ਅਤੇ ਛੱਟਣੀ ਦੌਰਾਨ ਕਿਹੜੀਆਂ ਜਾਂਚਾਂ ਹੋਈਆਂ, ਨਕਲੀ ਨੋਟਾਂ ਦੀ ਪਛਾਣ ਕਿਸ ਪੱਧਰ ਤੇ ਹੋਈ ਅਤੇ ਉਸ ਤੋਂ ਪਹਿਲਾਂ ਕੈਸ਼ ਕਿਹੜੀਆਂ ਪ੍ਰਕਿਰਿਆਵਾਂ ਵਿਚੋਂ ਲੰਘਿਆ, ਇਸ ਦਾ ਜਵਾਬ ਵੀ ਲੱਭਿਆ ਜਾ ਰਿਹਾ ਹੈ। ਇੱਕੋ ਵਾਰ ਵਿਚ ਸਾਢੇ ਸੱਤ ਕਰੋੜ ਦੀ ਨਕਲੀ ਕਰੰਸੀ ਮਿਲਣਾ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈ ਅਤੇ ਇਸ ਪਿੱਛੇ ਕਿਸੇ ਸੰਗਠਿਤ ਨੈੱਟਵਰਕ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਟੀਮ ਨਕਲੀ ਨੋਟਾਂ ਦੀ ਕਿਸਮ ਅਤੇ ਪੈਟਰਨ ਦੀ ਵੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਇੱਕੋ ਸਰੋਤ ਤੋਂ ਹਨ ਜਾਂ ਵੱਖ-ਵੱਖ ਰਾਹੀਂ ਸਿਸਟਮ ਵਿਚ ਪਹੁੰਚੇ।
ਦੇਸ਼ ਵਿਚ 2017 ਤੋਂ ਹੁਣ ਤੱਕ ਕੁੱਲ 638 ਕਰੋੜ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ ਗਈ
ਦੇਸ਼ ਵਿਚ 2017 ਤੋਂ ਹੁਣ ਤੱਕ ਕੁੱਲ 638 ਕਰੋੜ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ ਗਈ ਹੈ। 2022 ਵਿਚ ਇਹ ਅੰਕੜਾ ਸਭ ਤੋਂ ਵੱਧ 382.6 ਕਰੋੜ ਰਿਹਾ। 2024 ਵਿਚ ਨਵੇਂ 500 ਰੁਪਏ ਦੇ ਨੋਟਾਂ ਦੀਆਂ ਜ਼ਬਤੀਆਂ 2016 ਦੇ ਮੁਕਾਬਲੇ ਚਾਰ ਗੁਣਾ ਵੱਧ ਰਹੀਆਂ ਹਨ ਜੋ ਦਰਸਾਉਂਦਾ ਹੈ ਕਿ ਨਕਲੀ ਨੋਟ ਬਣਾਉਣ ਵਾਲੇ ਨਵੀਂ ਸੀਰੀਜ਼ ਦੀ ਵੀ ਨਕਲ ਕਰ ਰਹੇ ਹਨ। ਗੁਜਰਾਤ ਨਕਲੀ ਕਰੰਸੀ ਦਾ ਹੌਟਸਪੌਟ ਰਿਹਾ ਹੈ। 2017 ਤੋਂ 2024 ਤੱਕ ਕੁੱਲ ਜ਼ਬਤੀਆਂ ਵਿਚੋਂ 355.72 ਕਰੋੜ ਰੁਪਏ ਦੀ ਨਕਲੀ ਕਰੰਸੀ ਸਿਰਫ਼ ਗੁਜਰਾਤ ਤੋਂ ਬਰਾਮਦ ਹੋਈ ਜੋ ਕੁੱਲ ਦਾ 50 ਫੀਸਦੀ ਤੋਂ ਵੱਧ ਹੈ। ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਦੇ ਬਾਵਜੂਦ ਦੇਸ਼ ਵਿਚ ਚੱਲਣ ਵਾਲੀ ਕਰੰਸੀ 137 ਫੀਸਦੀ ਵਧ ਕੇ ਮਈ 2026 ਤੱਕ 42.12 ਲੱਖ ਕਰੋੜ ਹੋ ਗਈ ਹੈ ਜਦੋਂ ਕਿ ਨਵੰਬਰ 2016 ਵਿਚ ਇਹ 17.74 ਲੱਖ ਕਰੋੜ ਸੀ।
ਇਸ ਮਾਮਲੇ ਤੋਂ ਬਾਅਦ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੋ ਗਿਆ ਹੈ ਕਿ ਉਨ੍ਹਾਂ ਦੀ ਜੇਬ ਵਿਚ ਰੱਖੇ ਨੋਟ ਅਸਲੀ ਹਨ ਜਾਂ ਨਕਲੀ। ਨਕਲੀ ਨੋਟਾਂ ਦੀ ਪਛਾਣ ਲਈ ਪਹਿਲਾਂ ਨੋਟ ਦਾ ਕਾਗਜ਼, ਛਪਾਈ ਅਤੇ ਰੰਗ ਅਸਲੀ ਨੋਟ ਨਾਲ ਮਿਲਾ ਕੇ ਵੇਖੋ। ਰੌਸ਼ਨੀ ਦੇ ਸਾਹਮਣੇ ਨੋਟ ਰੱਖ ਕੇ ਵਾਟਰਮਾਰਕ ਅਤੇ ਸੁਰੱਖਿਆ ਧਾਗਾ ਚੈੱਕ ਕਰੋ। ਨੋਟ ਉੱਤੇ ਮਾਈਕ੍ਰੋ-ਲੈਟਰਿੰਗ, ਰੰਗ ਬਦਲਣ ਵਾਲੀ ਸਿਆਹੀ ਅਤੇ ਹੋਰ ਸੁਰੱਖਿਆ ਨਿਸ਼ਾਨਾਂ ਦੀ ਜਾਂਚ ਕਰੋ। ਉਭਰੀ ਹੋਈ ਛਪਾਈ ਅਤੇ ਪਛਾਣ ਚਿੰਨ੍ਹਾਂ ਨੂੰ ਹੱਥ ਲਾ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਨੋਟ ਦਾ ਸੀਰੀਅਲ ਨੰਬਰ ਸਾਫ਼ ਅਤੇ ਸਹੀ ਢੰਗ ਨਾਲ ਛਪਿਆ ਹੋਣਾ ਚਾਹੀਦਾ ਹੈ।
ਜੇ ਨੋਟ ਦੀ ਅਸਲੀਅਤ ਬਾਰੇ ਸ਼ੱਕ ਹੋਵੇ ਤਾਂ ਉਸ ਨੂੰ ਅੱਗੇ ਕਿਸੇ ਹੋਰ ਵਿਅਕਤੀ ਨੂੰ ਨਾ ਦਿਓ। ਸ਼ੱਕੀ ਨੋਟ ਨੂੰ ਨੇੜਲੀ ਬੈਂਕ ਬਰਾਂਚ ਵਿਚ ਲੈ ਜਾ ਕੇ ਜਾਂਚ ਕਰਵਾਓ ਅਤੇ ਨਕਲੀ ਨੋਟ ਮਿਲਣ ਦੀ ਸਥਿਤੀ ਵਿਚ ਬੈਂਕ ਜਾਂ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿਓ। ਰਿਜ਼ਰਵ ਬੈਂਕ ਆਫ ਇੰਡੀਆ ਅਗਲੇ ਸਾਲ ਤੋਂ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ ਬਾਜ਼ਾਰ ਵਿਚ ਲਿਆਉਣ ਵਾਲੀ ਹੈ ਜਿਸ ਦਾ ਮਕਸਦ ਵੀ ਨਕਲੀ ਨੋਟਾਂ ਨੂੰ ਰੋਕਣਾ ਹੈ। ਵੱਡੇ ਨੋਟਾਂ ਦੀ ਪਲਾਸਟਿਕ ਕਰੰਸੀ ਆਉਣ ਵਿਚ ਸਮਾਂ ਲੱਗ ਸਕਦਾ ਹੈ ਇਸ ਲਈ ਲੋਕਾਂ ਨੂੰ ਆਪਣੀ ਨਜ਼ਰ ਪਾਰਖੀ ਬਣਾਉਣੀ ਪਵੇਗੀ। ਨਕਲੀ ਨੋਟਾਂ ਦੀ ਪਛਾਣ ਲਈ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪਰਖਣਾ ਚਾਹੀਦਾ ਹੈ ਤਾਂ ਜੋ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ।


