‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੋਰੋਨਾ ਦੇ ਟੀਕੇ ਵਿੱਚ ਗਾਂ ਦੇ ਵੱਛੇ ਦੇ ਸੀਰਮ ਦੀਆਂ ਆ ਰਹੀਆਂ ਖਬਰਾਂ ਉੱਤੇ ਕੇਂਦਰੀ ਸਿਹਤ ਮੰਤਰਾਲੇ ਦਾ ਬਿਆਨ ਆਇਆ ਹੈ। ਇਸ ਤੋਂ ਪਹਿਲਾਂ ਦੱਸ ਦਈਏ ਕਿ ਦੇਸ਼ ਵਿੱਚ ਕੋਰੋਨਾ ਦੇ ਖਿਲਾਫ ਮੁਫਤ ਕੋਵਿਡ -19 ਟੀਕਾਕਰਣ 21 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਕਾਂਗਰਸ ਦੇ ਕੌਮੀ ਕੋਆਰਡੀਨੇਟਰ ਗੌਰਵ ਪਾਂਧੀ ਨੇ ਭਾਰਤ ਬਾਇਓਟੈਕ ਦੇ ਕੋਵੈਕਸਿਨ ਬਾਰੇ ਆਰਟੀਆਈ ਦੇ ਕੁੱਝ ਦਸਤਾਵੇਜ਼ ਸਾਂਝੇ ਕਰਕੇ ਦਾਅਵਾ ਕੀਤਾ ਹੈ ਕਿ ਕੋਰੋਨਾ ਦੇ ਟੀਕੇ ਵਿੱਚ ਗਾਂ ਦੇ ਵੱਛੇ ਦਾ ਸੀਰਮ ਵਰਤਿਆ ਜਾਂਦਾ ਹੈ, ਜਿਸ ਦੀ ਉਮਰ 20 ਦਿਨਾਂ ਤੋਂ ਵੀ ਘੱਟ ਹੈ।
ਇਸ ਬਾਰੇ ਬਿਆਨ ਜਾਰੀ ਕਰਕੇ ਕੇਂਦਰ ਨੇ ਕਿਹਾ ਹੈ ਕਿ ਕੋਵੈਕਸੀਨ ਦੀ ਰਚਨਾ ਦੇ ਸੰਬੰਧ ਵਿੱਚ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਇੱਕ ਨਵਜੰਮੇ ਵੱਛੇ ਦਾ ਸੀਰਮ ਪਾਇਆ ਗਿਆ ਹੈ। ਇਸ ਬਾਰੇ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਸਿਰਫ ਨਵਜੰਮੇ ਵੱਛੇ ਦੇ ਸੀਰਮ ਦੀ ਵਰਤੋਂ ਵੇਰੋ ਸੈੱਲਾਂ ਦੇ ਉਤਪਾਦਨ ਅਤੇ ਵਿਕਾਸ ਵਿੱਚ ਕੀਤੀ ਗਈ ਹੈ। ਕੋਵਾਕਸੀਨ ਵਿੱਚ ਨਵਜੰਮੇ ਵੱਛੇ ਦਾ ਸੀਰਮ ਬਿਲਕੁਲ ਨਹੀਂ ਹੁੰਦਾ ਅਤੇ ਨਾ ਹੀ ਇਹ ਸੀਰਮ ਟੀਕੇ ਦੇ ਉਤਪਾਦ ਵਿੱਚ ਇੱਕ ਅੰਸ਼ ਹੈ।
ਮੰਤਰਾਲੇ ਨੇ ਕਿਹਾ ਕਿ ਵੇਰੋ ਸੈੱਲਾਂ ਦੇ ਵਿਕਾਸ ਤੋਂ ਬਾਅਦ ਉਨ੍ਹਾਂ ਨੂੰ ਪਾਣੀ ਅਤੇ ਰਸਾਇਣਾਂ ਨਾਲ ਕਈ ਵਾਰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ ਤਾਂ ਜੋ ਉਹ ਨਵਜੰਮੇ ਵੱਛੇ ਦੇ ਸੀਰਮ ਤੋਂ ਮੁਕਤ ਹੋ ਜਾਣ। ਇਸ ਤੋਂ ਬਾਅਦ ਵੇਰੋ ਸੈੱਲ ਕੋਰੋਨਾ ਵਿਸ਼ਾਣੂ ਨਾਲ ਸੰਕਰਮਿਤ ਹੁੰਦੇ ਹਨ ਤਾਂ ਜੋ ਵਿਸ਼ਾਣੂ ਦਾ ਵਿਕਾਸ ਹੋ ਸਕੇ। ਇਸ ਪ੍ਰਕਿਰਿਆ ਵਿਚ ਵੇਰੋ ਸੈੱਲ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਇਸ ਤੋਂ ਬਾਅਦ ਵਿਕਸਤ ਵਿਸ਼ਾਣੂ ਵੀ ਨਸ਼ਟ ਹੋ ਜਾਂਦਾ ਹੈ।