ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੂਬੇ ਵਿੱਚ ਕੋਰੋਨਾ ਵਾਇਰਸ ਫੈਲਣ ਨੂੰ ਰੋਕਣ ਲਈ ਮਾਤਾ ਵੈਸ਼ਨੋ ਦੇਵੀ ਮੰਦਿਰ ਦਰਸ਼ਨਾਂ ਲਈ ਆਉਣ ਵਾਲੇ ਭਗਤਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੀਆਂ ਗਾਇਡਲਾਇਨ ਮੁਤਾਬਿਕ ਵੈਸ਼ਨੋ ਦੇਵੀ ਮਾਤਾ ਦੇ ਸ਼ਰਧਾਲੂਆਂ ਨੂੰ ਤਾਂ ਹੀ ਐਂਟਰੀ ਮਿਲੇਗੀ ਜੇਕਰ ਉਹ ਆਰਟੀਪੀਸੀਆਰ ਜਾਂ ਰੈਪਿਡ ਐਂਟੀਜਨ ਟੈਸਟ ਦੀ ਰਿਪੋਰਟ ਆਪਣੇ ਨਾਲ ਲੈ ਕੇ ਆਉਣਗੇ। ਇਹ ਜਾਂਚ ਰਿਪੋਰਟ ਵੀ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।
ਜੰਮੂ ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਵਿਚ ਕਿਹਾ ਹੈ ਕਿ ਸਿਰਫ ਉਹੀ ਤੀਰਥ ਯਾਤਰੀ ਮੰਦਿਰ ਆ ਸਕਣਗੇ, ਜਿਹੜੇ ਸਾਰੀਆਂ ਗਾਇਡਲਾਇਨਸ ਨੂੰ ਪੂਰਾ ਕਰਦੇ ਹੋਣਗੇ ਅਤੇ ਜਿਹੜੇ ਯਾਤਰੀਆਂ ਵਿਚ ਕੋਰੋਨਾ ਦੇ ਲੱਛਣ ਹੋਣਗੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ।
ਕੇਂਦਰ ਸਾਸ਼ਿਤ ਪ੍ਰਦੇਸ਼ ਦੇ ਮੁੱਖ ਸਕੱਤਰ ਦੇ ਹਸਤਾਖਰਾਂ ਵਾਲੇ ਹੁਕਮ ਦੇ ਮੁਤਾਬਿਕ ਕੋਵਿਡ-19 ਦੇ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਹੋਣ ਦੀ ਹਦਾਇਤ ਕੀਤੀ ਗਈ ਹੈ। ਜੰਮੂ ਕਸ਼ਮੀਰ ਸਰਕਾਰ ਵੱਲੋਂ ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਯੂਟੀ ਵਿੱਚ ਕੋਰੋਨਾ ਦੇ ਮਾਮਲੇ ਘਟ ਵਧ ਰਹੇ ਹਨ। ਸਾਰੇ ਜਿਲ੍ਹਿਆਂ ਵਿਚ ਇਸਦੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ।