ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵੈਨਕੁਵਰ ਆਈਲੈਂਡ (ਬੀਸੀ) ਸਥਿਤ ਘਰ ‘ਤੇ ਗੋਲੀਬਾਰੀ ਅਤੇ ਅਰਸਨ ਦੇ ਮਾਮਲੇ ਵਿੱਚ ਦੋਸ਼ੀ 26 ਸਾਲਾ ਅਭੀਜੀਤ ਕਿੰਗਰਾ ਨੂੰ ਅਦਾਲਤ ਨੇ 6 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਹ ਹਮਲਾ 2 ਸਤੰਬਰ 2024 ਨੂੰ ਹੋਇਆ ਸੀ, ਜਦੋਂ ਕਿੰਗਰਾ ਨੇ ਘਰ ਵੱਲ ਗੋਲੀਆਂ ਚਲਾਈਆਂ ਅਤੇ ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਅੱਗ ਲਗਾ ਦਿੱਤੀ।
ਏਪੀ ਢਿੱਲੋਂ ਉਸ ਵੇਲੇ ਘਰ ਵਿੱਚ ਨਹੀਂ ਸਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲੇ ਤੋਂ ਬਾਅਦ ਰੋਹਿਤ ਗੋਦਾਰਾ ਨੇ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਗਿਆ ਕਿ ਇਹ ਏਪੀ ਦੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਨੇੜਲੇ ਸਬੰਧਾਂ ਕਾਰਨ ਕੀਤਾ ਗਿਆ।
ਪੁਲਿਸ ਨੇ ਲਗਾਤਾਰ ਭਾਲ ਕਰਕੇ ਅਕਤੂਬਰ 2024 ਵਿੱਚ ਕਿੰਗਰਾ ਨੂੰ ਓਨਟਾਰੀਓ ਤੋਂ ਗ੍ਰਿਫਤਾਰ ਕੀਤਾ, ਜਿੱਥੋਂ ਉਹ ਨਵੰਬਰ ਵਿੱਚ ਅਦਾਲਤ ਵਿੱਚ ਪੇਸ਼ ਹੋਇਆ। ਉਹ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਹੀ ਸੀ।ਵਿਕਟੋਰੀਆ ਪ੍ਰੋਵਿੰਸ਼ਲ ਕੋਰਟ ਵਿੱਚ 26 ਸਤੰਬਰ 2025 ਨੂੰ ਸੁਣਵਾਈ ਕਰਦਿਆਂ ਜੱਜ ਨੇ ਕਿਹਾ ਕਿ ਅਰਸਨ ਲਈ 2 ਸਾਲ ਅਤੇ ਗੋਲੀਬਾਰੀ ਲਈ 6 ਸਾਲ ਦੀ ਸਜ਼ਾ, ਜੋ ਇਕੱਠੀਆਂ ਚੱਲਣਗੀਆਂ।
ਪਹਿਲਾਂ ਤੋਂ ਚੱਲ ਰਹੇ ਸਮੇਂ ਨੂੰ ਗਿਣਦੇ ਹੋਣ ਕਾਰਨ ਬਾਕੀ ਲਗਭਗ 4.5 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਣਗੇ। ਨਾਲ ਹੀ ਉਮਰ ਭਰ ਲਈ ਹਥਿਆਰਾਂ ‘ਤੇ ਪਾਬੰਦੀ ਅਤੇ ਡੀਐੱਨਏ ਨਮੂਨਾ ਲੈਣ ਦਾ ਹੁਕਮ ਹੈ। ਅਦਾਲਤ ਨੇ ਵੀ ਇਹ ਸਪੱਸ਼ਟ ਕੀਤਾ ਕਿ ਕਿੰਗਰਾ ਇਕੱਲਾ ਨਹੀਂ ਸੀ; ਇਹ ਭਾਰਤੀ ਲਾਰੰਸ ਬਿਸ਼ਨੋਈ ਗੈਂਗ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਹਮਲਾ ਸੀ। ਦੂਜਾ ਦੋਸ਼ੀ ਵਿਕਰਮ ਸ਼ਰਮਾ ਭਾਰਤ ਭੱਜ ਗਿਆ ਹੈ ਅਤੇ ਉਸ ਦੀ ਭਾਲ ਜਾਰੀ ਹੈ।